ਭੂੰਦੜੀ, 22 ਅਕਤੂਬਰ (ਕੁਲਦੀਪ ਸਿੰਘ ਮਾਨ)-ਇਕ ਦਰਦਨਾਕ ਸੜਕ ਹਾਦਸੇ 'ਚ ਪਿੰਡ ਭੂੰਦੜੀ ਦੇ 20 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਸਵ: ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦਿਲਪ੍ਰੀਤ ਸਿੰਘ 20 ਅਕਤੂਬਰ ਦਿਨ ਐਤਵਾਰ ਦੀ ਰਾਤ ਕਰੀਬ 8 ਵਜੇ ਮੋਟਰਸਾਈਕਲ 'ਤੇ ਪਿੰਡ ਬਰਸਾਲ ਤੋਂ ਆਪਣੇ ਜੱਦੀ ਪਿੰਡ ਭੂੰਦੜੀ ਵਾਪਸ ਆ ਰਿਹਾ ਸੀ | ਰਸਤੇ ਵਿਚ ਉਸ ਨੂੰ ਮੋਬਾਇਲ 'ਤੇ ਫ਼ੋਨ ਆਇਆ, ਜਿਸ ਦੌਰਾਨ ਫ਼ੋਨ ਸੁਣਦੇ ਹੋਏ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਫ਼ੈਦੇ ਦੇ ਦਰੱਖ਼ਤ ਨਾਲ ਜਾ ਟਕਰਾਇਆ | ਗੰਭੀਰ ਰੂਪ ਵਿਚ ਜ਼ਖ਼ਮੀ ਦਿਲਪ੍ਰੀਤ ਨੂੰ ਤੁਰੰਤ ਜਗਰਾਉਂ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈੱਫ਼ਰ ਕਰ ਦਿੱਤਾ, ਪਰ ਲੁਧਿਆਣਾ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਮੌਤ ਨਾਲ ਪਿੰਡ ਭੂੰਦੜੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ |