ਚੌਂਕੀਮਾਨ, 23 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਰਹਿਨੁਮਾਈ ਹੇਠ ਸੋਸ਼ਲ ਸਾਇੰਸ ਫੋਰਮ ਅਤੇ ਰੈੱਡ ਰਿੱਬਨ ਕਲੱਬ ਦੇ ਸਾਂਝੇ ਯਤਨਾਂ ਸਦਕਾ 'ਸੰਯੁਕਤ ਰਾਸ਼ਟਰ ਦਿਵਸ' ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਪ੍ਰਸਾਰ ਭਾਸ਼ਣ ਰਾਹੀਂ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਲਾਗੂ ਕਰਨ, ਇਸ ਦੇ ਇਤਿਹਾਸ, ਇਸ ਦੇ ਢਾਂਚੇ, ਵਿਸ਼ਵ ਸ਼ਾਂਤੀ ਅਤੇ ਲਿੰਗ ਸਮਾਨਤਾ ਲਈ ਇਸ ਦੀ ਭੂਮਿਕਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ | ਕਾਲਜ ਦੀਆਂ ਵਿਦਿਆਥਣਾਂ ਵਲੋਂ ਪੀ.ਪੀ.ਟੀ. ਅਤੇ ਭਾਸ਼ਣਾਂ ਰਾਹੀਂ ਸੰਯੁਕਤ ਰਾਸ਼ਟਰ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਗਏ | ਬੀ.ਏ. ਭਾਗ-1 ਦੀਆਂ ਵਿਦਿਆਰਥਣਾਂ ਪ੍ਰਭਜੋਤ ਕੌਰ ਅਤੇ ਮਨਮੀਤ ਕੌਰ ਨੇ ਪੀ.ਪੀ.ਟੀ. ਰਾਹੀਂ ਸੰਯੁਕਤ ਰਾਸ਼ਟਰ ਦੇ ਇਤਿਹਾਸ ਅਤੇ ਇਸ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ | ਬੀ.ਏ. ਭਾਗ-1 ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ, ਹਰਜਸ ਕੌਰ, ਅਰਪਣ ਅਤੇ ਬੀ.ਐੱਸ.ਸੀ. ਭਾਗ-1 ਦੀ ਸੁਖਮਨਪ੍ਰੀਤ ਕੌਰ ਨੇ ਸੰਯੁਕਤ ਰਾਸ਼ਟਰ ਦੇ ਇਤਿਹਾਸ ਅਤੇ ਮਹੱਤਤਾ ਵਿਸ਼ੇ 'ਤੇ ਭਾਸ਼ਣ ਦਿੱਤੇ | ਰੈੱਡ ਰਿਬਨ ਕਲੱਬ ਦੀ ਵਿਦਿਆਰਥਣ ਮਨਮਹਿਕਪ੍ਰੀਤ ਕੌਰ ਨੇ ਸੰਯੁਕਤ ਰਾਸ਼ਟਰ ਅਤੇ ਰੈੱਡ ਰਿੱਬਨ ਕਲੱਬ ਦੀਆਂ ਸਮਾਨਤਾਵਾਂ ਬਾਰੇ ਜਾਣਕਾਰੀ ਦਿੱਤੀ | ਰੈੱਡ ਰਿੱਬਨ ਕਲੱਬ ਦੇ ਮੈਂਬਰ ਪ੍ਰੋ. ਗੁਰਜੀਤ ਸਿੰਘ ਨੇ ਰੈੱਡ ਰਿਬਨ ਹਫ਼ਤੇ ਬਾਰੇ ਜਾਣਕਾਰੀ ਦਿੰਦੇ ਹੋਏ ਨਸ਼ਾਖੋਰੀ ਨੂੰ ਦੂਰ ਕਰਨ ਲਈ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਕਰਮਦੀਪ ਕੌਰ ਨੇ ਬਾਖੂਬੀ ਨਿਭਾਈ | ਇਤਿਹਾਸ ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਵਿਦਿਆਰਥਣਾਂ ਨਾਲ ਸੰਵਾਦ ਰਚਾਇਆ | ਉਨ੍ਹਾਂ ਨੇ ਸੰਸਥਾ ਦੇ ਪਿ੍ੰਸੀਪਲ, ਸੋਸ਼ਲ ਸਾਇੰਸ ਫੋਰਮ ਅਤੇ ਰੈੱਡ ਰਿੱਬਨ ਕਲੱਬ ਵਲੋਂ ਸਮਾਗਮ ਦੇ ਸਫ਼ਲਤਾਪੂਰਵਕ ਆਯੋਜਨ ਕਰਨ ਲਈ ਧੰਨਵਾਦ ਕੀਤਾ |