ਨਵਾਂਸ਼ਹਿਰ, 15 ਜੂਨ (ਦੀਦਾਰ ਸਿੰਘ ਸ਼ੇਤਰਾ)-ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਜੂਨ ਦੇ ਮਹੀਨੇ ਹੀਟ ਵੇਵਸ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਸਬੰਧੀ ਆਮ ਲੋਕਾਂ ਲਈ ਸਿਹਤ ਅਡਵਾਈਜ਼ਰੀ ਜਾਰੀ ਕੀਤੀ ਹੈ | ਇਸ ਸਬੰਧੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸੂਬੇ ਵਿੱਚ ਲੂਅ ਚੱਲਣ ਦੇ ਮੱਦੇਨਜ਼ਰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਲੋੜੀਂਦਾ ਪਾਣੀ ਪੀਣ, ਧੁੱਪ ਵਿੱਚ ਕੰਮ ਕਰਨ ਤੋਂ ਬਚਾਅ, ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਲੂਅ ਲੱਗਣ ਦੇ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਛਾਂ ਵਾਲੀ ਥਾਂ 'ਤੇ ਜਾਣ ਲਈ ਕਿਹਾ ਹੈ | ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਲਈ ਹੋਰ ਰੁੱਖ ਲਗਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਡਾ. ਸਿੰਘ ਨੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਖ਼ਰ ਦੁਪਹਿਰ ਵੇਲੇ ਖ਼ਾਸ ਕਰਕੇ 12:00 ਵਜੇ ਤੋਂ 4:00 ਵਜੇ ਦਰਮਿਆਨ ਘਰੋਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ ਕੀਤਾ ਜਾਵੇ | ਜ਼ਿਆਦਾ ਜ਼ਰੂਰਤ ਪੈਣ 'ਤੇ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਸਰੀਰ ਨੂੰ ਹਲਕੇ ਸੂਤੀ ਕੱਪੜਿਆਂ ਨਾਲ ਪੂਰੀ ਤਰ੍ਹਾਂ ਨਾਲ ਢੱਕ ਲਿਆ ਜਾਵੇ | ਉਨ੍ਹਾਂ ਕਿਹਾ ਆਪਣੇ ਆਪ ਨੂੰ ਬਚਾਉਣ ਲਈ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਹਿੱਤ ਘਰੇਲੂ ਤਰਲ ਪਦਾਰਥ ਜਿਵੇਂ ਸਾਦਾ ਪਾਣੀ, ਲੱਸੀ, ਸ਼ਿਕੰਜਵੀ, ਗੰਨੇ ਦਾ ਰਸ, ਨਾਰੀਅਲ ਪਾਣੀ, ਤਾਜ਼ਾ ਜੂਸ ਅਤੇ ਓ.ਆਰ.ਐੱਸ. ਘੋਲ਼ ਆਦਿ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ |