ਮੁਕੰਦਪੁਰ, 16 ਜੂਨ (ਅਮਰੀਕ ਸਿੰਘ ਢੀਂਡਸਾ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ 'ਤੇ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਕਬੱਡੀ ਕੱਪ 'ਚ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ 'ਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਖੇਡਾਂ ਹੀ ਹਨ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬੇ ਦੇ ਹਰ ਪਿੰਡ ਵਿੱਚ ਖੇਡ ਸਟੇਡੀਅਮ, ਜਿੰਮ ਬਣਾ ਕੇ ਦੇ ਰਹੀ ਹੈ ਤਾਂ ਜੋ ਸੂਬੇ ਦੇ ਨੌਜਵਾਨ ਵਧੀਆ ਖਿਡਾਰੀ, ਵਧੀਆ ਵੇਟ ਲਿਫਟਰ, ਬਾਡੀ ਬਿਲਡਰ ਬਣ ਕੇ ਦੇਸ਼ ਦਾ ਨਾਮ ਰੌਸ਼ਨ ਕਰਨ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਕੁਲਜੀਤ ਸਰਹਾਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਜਿਨ੍ਹਾਂ 'ਚ ਰਣਜੀਤ ਸਿੰਘ ਪੰਚ, ਜਸਵਿੰਦਰ ਸਿੰਘ ਨੰਬਰਦਾਰ, ਹਰਦੀਪ ਸਿੰਘ ਕੋਚ, ਨਵੀਨ ਮਹੇ, ਨਰਿੰਦਰ ਮਹੇ ਨੇ ਦੱਸਿਆ ਕਿ 35 ਕਿਲੋ ਤੇ 45 ਕਿਲੋ ਭਾਰ 'ਚ ਸਰਹਾਲ ਕਾਜ਼ੀਆਂ, 62 ਕਿਲੋ ਭਾਰ 'ਚ ਜਗਤਪੁਰ ਦੀ ਟੀਮ ਜੇਤੂ ਰਹੀ | ਪ੍ਰਬੰਧਕ ਕਮੇਟੀ ਵੱਲੋਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |