ਕਾਠਗੜ੍ਹ, 17 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਤੋਂ ਜਗਤੇਵਾਲ ਅਤੇ ਚਾਹਲਾਂ ਤੋਂ ਪਿੰਡ ਕਿਸ਼ਨਪੁਰ ਜਾਂਦੀਆਂ ਸੰਪਰਕ ਸੜਕਾਂ 'ਤੇ ਪੈਂਦੇ ਚੋਅ 'ਤੋਂ ਲੰਘਣ ਲਈ ਲੋਕਾਂ ਵਲੋਂ ਹੀ ਬਣਾਏ ਗਏ ਆਰਜ਼ੀ ਰੈਂਪ ਬੀਤੀ ਰਾਤ ਪਈ ਬਾਰਿਸ਼ ਕਾਰਨ ਸ਼ਿਵਾਲਿਕ ਤੋਂ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਆਰਜ਼ੀ ਰੈਂਪ ਰੁੜ੍ਹ ਕੇ ਵੱਡੇ ਪਾੜ ਪੈ ਗਏ | ਜਿਸ ਕਾਰਨ ਲੋਕਾਂ ਦਾ ਆਉਣਾ-ਜਾਣਾ ਔਖਾ ਹੋ ਗਿਆ | ਲੋਕਾਂ ਨੂੰ ਕਾਠਗੜ੍ਹ ਸ਼ਹਿਰ ਪਹੁੰਚਣ ਲਈ 6 ਕਿੱਲੋਮੀਟਰ ਦਾ ਗੇੜ ਪਾ ਕੇ ਪਹੁੰਚਣਾ ਪਿਆ | ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਚੋਆਂ ਵਿੱਚ ਬਣੇ ਬਜਰੀ ਸੀਮੈਂਟ ਦੇ ਰੈਂਪ ਭਾਰੀ ਬਾਰਿਸ਼ਾਂ ਕਾਰਨ ਰੁੜ੍ਹ ਚੁੱਕੇ ਸਨ | ਜੋ ਅਜੇ ਤੱਕ ਕਿਸੇ ਵੀ ਵਿਭਾਗ ਨੇ ਨਹੀਂ ਬਣਾਏ ਪਰ ਪਿੰਡਾਂ ਦੇ ਲੋਕਾਂ ਵਲੋਂ ਆਪਣੀਆਂ ਟਰੈਕਟਰ-ਟਰਾਲੀਆਂ ਅਤੇ ਆਮ ਵਾਹਨ ਲੰਘਾਉਣ ਲਈ ਆਪ ਮਿੱਟੀ ਪਾ ਕੇ ਆਰਜ਼ੀ ਰੈਂਪ ਬਣਾ ਕੇ ਲੋਕਾਂ ਨੂੰ ਲੰਘਣ ਲਈ ਸਹੂਲਤ ਦਿੱਤੀ ਜਾਂਦੀ ਸੀ, ਜੋ ਕਿ ਪ੍ਰੀ. ਮਾਨਸੂਨ ਦੀ ਪਹਿਲੀ ਬਾਰਸ਼ ਨੇ ਸਭ ਕੁੱਝ ਤਹਿਸ-ਨਹਿਸ ਕਰਕੇ ਰੱਖ ਦਿੱਤਾ | ਜਿਸ ਕਾਰਨ ਇੱਥੋਂ ਆਵਾਜਾਈ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ | ਜਗਤੇਵਾਲ ਦੇ ਟੁੱਟੇ ਰੈਂਪ ਦੇ ਚੋਅ ਵਿੱਚ ਇੱਕ ਕਾਰ ਬੁਰੀ ਤਰ੍ਹਾਂ ਫਸ ਗਈ | ਇਹਨਾਂ ਰੈਪਾਂ ਤੋਂ ਹੁਣ ਸਕੂਟਰ-ਮੋਟਰਸਾਇਕਲਾਂ ਦਾ ਲੰਘਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ |