ਬਲਾਚੌਰ, 17 ਜੂਨ (ਨਰੇਸ਼ ਧੌਲ)-ਜਿੱਥੇ ਇੱਕ ਪਾਸੇ ਪੰਜਾਬ ਦੀ ਸਰਕਾਰ ਲੋਕਾਂ ਨੂੰ ਟਰਾਂਸਪੋਰਟ ਦੀ ਵਧੀਆ ਸਹੂਲਤ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਬਲਾਚੌਰ ਵਿਖੇ ਸਵੇਰ ਦੇ ਸਮੇਂ ਇਨ੍ਹਾਂ ਦਾਅਵਿਆਂ ਦੀ ਫ਼ੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ | ਰੋਜ਼ਾਨਾ ਸਫ਼ਰ ਕਰਦਿਆਂ ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਕੁੱਝ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਅਤੇ ਪਠਾਨਕੋਟ ਡੀਪੂ ਦੀਆਂ ਬੱਸਾਂ ਦੇ ਚਾਲਕ ਨਿੱਜੀ ਬੱਸਾਂ ਨੂੰ ਲਾਭ ਪਹੰੁਚਾਉਣ ਹਿਤ ਮਿਲੀਭੁਗਤ ਨਾਲ ਬਲਾਚੌਰ ਸ਼ਹਿਰ ਅੰਦਰ ਜਾਣ ਦੀ ਬਜਾਏ ਬਲਾਚੌਰ ਬਾਈਪਾਸ ਦੇ ਬਾਹਰੋਂ-ਬਾਹਰ ਹੀ ਚਲੇ ਜਾਂਦੇ ਹਨ | ਜਿਸ ਕਰਕੇ ਜਿੱਥੇ ਪੰਜਾਬ ਰੋਡਵੇਜ਼ ਨੂੰ ਹਜ਼ਾਰਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਵਿਦਿਆਰਥੀਆਂ ਅਤੇ ਹੋਰ ਸਵਾਰੀਆਂ ਨੂੰ ਵੀ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਕ ਪਾਸੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਕਾਲਜ ਪੜ੍ਹਨ ਵਾਲੀਆਂ ਬੱਚੀਆਂ ਲਈ ਆਧਾਰ ਕਾਰਡ 'ਤੇ ਸਫ਼ਰ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ, ਉੱਥੇ ਇਹ ਸਹੂਲਤ ਵੀ ਲਾਭ ਪਾਤਰੀਆਂ ਨੂੰ ਨਾ ਨਸੀਬ ਹੁੰਦੀ ਦਿਖਾਈ ਦੇ ਰਹੀ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਨਿੱਜੀ ਕੰਪਨੀ ਦੀਆਂ ਬੱਸਾਂ ਅੰਦਰ ਜਾ ਸਕਦੀਆਂ ਹਨ ਤਾਂ ਸਵੇਰ ਦੇ ਸਮੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕਿਉਂ ਨਹੀਂ ਬਲਾਚੌਰ ਸ਼ਹਿਰ ਅੰਦਰ ਜਾ ਸਕਦੀਆਂ | ਕੁੱਝ ਰੋਜ਼ਾਨਾ ਆਣ-ਜਾਣ ਵਾਲੀਆਂ ਸਵਾਰੀਆਂ ਨੇ ਦੱਸਿਆ ਕਿ ਸਵੇਰੇ 7:20 'ਤੇ ਇੱਕ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਰੋਜ਼ਾਨਾ ਬਲਾਚੌਰ ਅੰਦਰ ਜਾਣ ਦੀ ਬਜਾਏ ਬਾਈਪਾਸ ਤੋਂ ਹੀ ਚਲੇ ਜਾਂਦੀ ਹੈ | ਉਸਦੇ ਅੱਗੇ ਇੱਕ ਨਿੱਜੀ ਕੰਪਨੀ ਦੀ ਬੱਸ ਬਲਾਚੌਰ ਦੇ ਅੰਦਰ ਹੋ ਕੇ ਜਾਂਦੀ ਹੈ | ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰੀ ਬੱਸਾਂ ਵਾਲੇ ਨਿੱਜੀ ਬੱਸਾਂ ਵਾਲਿਆਂ ਨੂੰ ਸ਼ਰੇਆਮ ਲਾਭ ਪਹੁੰਚਾ ਰਹੇ ਹਨ | ਇਲਾਕਾ ਵਾਸੀਆਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਵੇਰ ਦੇ ਸਮੇਂ ਕਿਸੇ ਮੁਲਾਜ਼ਮ ਦੀ ਬਲਾਚੌਰ ਦੇ ਕੰਗਣਾ ਪੁਲ 'ਤੇ ਡਿਊਟੀ ਲਗਾਈ ਜਾਵੇ ਜੋ ਹੁਸ਼ਿਆਰਪੁਰ ਤੇ ਪਠਾਨਕੋਟ ਜਾਣ ਵਾਲੀਆਂ ਬੱਸਾਂ ਨੂੰ ਬਲਾਚੌਰ ਸ਼ਹਿਰ ਦੇ ਅੰਦਰੋਂ ਜਾਣ ਦੀ ਤਾਕੀਦ ਕਰੇ ਤਾਂ ਜੋ ਲੋਕਾਂ ਨੂੰ ਸਰਕਾਰੀ ਬੱਸ ਸਹੂਲਤ ਪ੍ਰਾਪਤ ਹੋ ਸਕੇ |