ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਪੂ ਥ੍ਰੀ ਵੀਲ੍ਹਰ ਅਤੇ ਰਿਕਸ਼ਾ ਯੂਨੀਅਨ ਦੇ ਅਹੁਦੇਦਾਰ ਇਕੱਠੇ ਹੋਏ | ਜਿਨ੍ਹਾਂ ਵਲੋਂ ਰਾਜਾ ਸਬਰਵਾਲ ਪ੍ਰਧਾਨ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਅਤੇ ਡੀ.ਐਸ.ਪੀ ਰਾਜ ਕੁਮਾਰ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੇ ਡੀ.ਐਸ.ਪੀ ਨੂੰ ਮੰਗ ਪੱਤਰ ਦਿੱਤਾ | ਯੂਨੀਅਨ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮਿੰਨੀ ਬੱਸ ਯੂਨੀਅਨ ਵਾਲੇ ਤੰਗ ਕਰਦੇ ਹਨ ਅਤੇ ਕੁੱਟਮਾਰ ਕਰਦੇ ਹਨ | ਇਸ ਸਬੰਧੀ ਡੀ.ਐਸ.ਪੀ ਰਾਜ ਕੁਮਾਰ ਨੇ ਆਖਿਆ ਕਿ ਦੋਵਾਂ ਧਿਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਦੇ ਵਿਚਾਰ ਲਏ ਜਾਣਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸਵਾਰੀਆਂ ਚੁੱਕਣ ਸਮੇਂ ਕਾਫੀ ਪ੍ਰੇਸ਼ਾਨੀ ਆ ਰਹੀ ਹੈ ਜਿਸ 'ਚ ਮਿੰਨੀ ਬੱਸ ਯੂਨੀਅਨ ਵਾਲੇ ਰੁਕਾਵਟ ਬਣ ਰਹੇ ਹਨ | ਦੂਜੇ ਪਾਸੇ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਆਖਿਆ ਕਿ ਉਹ ਕਿਸੇ ਵੀ ਰਿਕਸ਼ਾ ਜਾਂ ਟੈਂਪੂ ਜਾਂ ਥ੍ਰੀ ਵੀਲ੍ਹਰ ਵਾਲਿਆਂ ਨੂੰ ਤੰਗ ਨਹੀਂ ਕਰਦੇ ਸਗੋਂ ਆਪਣੇ ਹੱਕ ਦੀ ਮੰਗ ਕਰਦੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਰੂਟ 'ਤੇ ਆਉਂਦੇ ਹਨ ਤਾਂ ਉਨ੍ਹਾਂ ਅੱਗੇ ਟੈਂਪੂ ਅਤੇ ਥ੍ਰੀ ਵੀਲ੍ਹਰ ਸਾਡੀਆਂ ਸਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਨੂੰ ਤਾੜਨਾ ਕੀਤੀ ਸੀ ਕਿ ਤੁਸੀਂ ਆਪਣੇ ਰੂਟ ਮੁਤਾਬਕ ਚੱਲੋ ਅਸੀਂ ਤੁਹਾਨੂੰ ਕੁਝ ਨਹੀਂ ਆਖ ਰਹੇ ਪਰੰਤੂ ਇਹ ਸਾਡੇ ਸਾਹਮਣੇ ਬਿਨਾਂ ਰੂਟ ਤੋਂ ਸਵਾਰੀਆਂ ਚੱਕ ਰਹੇ ਹਨ | ਅਸੀਂ ਕਿਸੇ ਵੀ ਡਰਾਈਵਰ ਜਾਂ ਟੈਂਪੂ ਚਾਲਕ ਦੀ ਕੁੱਟਮਾਰ ਨਹੀਂ ਕੀਤੀ ਸਗੋਂ ਇਨ੍ਹਾਂ ਨੂੰ ਪਿਆਰ ਨਾਲ ਕਈ ਵਾਰ ਸਮਝਾਇਆ ਗਿਆ | ਇਸ ਦੇ ਬਾਵਜੂਦ ਇਨ੍ਹਾਂ ਨੇ ਸਾਡੀ ਕੋਈ ਨਹੀਂ ਸੁਣੀ ਸਗੋਂ ਸਾਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਹਨਾਂ ਮੰਗ ਕੀਤੀ ਕਿ ਸਾਡੇ ਟਾਈਮ ਸਮੇਂ ਕਿਸੇ ਵੀ ਥ੍ਰੀ ਵੀਲ੍ਹਰ ਜਾਂ ਰਿਕਸ਼ਾ ਚਾਲਕ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ | ਉਹ ਆਪਣੇ ਰੂਟ ਮੁਤਾਬਕ ਕੰਮ ਕਰਨ ਅਸੀਂ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ | ਇਸ ਮੌਕੇ 'ਤੇ ਮਨਜੀਤ ਸਿੰਘ, ਹਰਮੇਲ ਸਿੰਘ, ਸਤਵੰਤ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਪਰਵੀਨ ਕੁਮਾਰ, ਰਾਕੇਸ਼ ਅਗਰਵਾਲ ਆਦਿ ਹਾਜ਼ਰ ਸਨ |
ਨਵਾਂਸ਼ਹਿਰ ਟੈਂਪੂ ਥ੍ਰੀ ਵੀਲ੍ਹਰ ਯੂਨੀਅਨ ਦਾ ਵਫਦ ਡੀ.ਐਸ.ਪੀ ਨੂੰ ਮਿਲਿਆ
ਅਜੀਤ ਡੈਸਕ
19-06-2025