ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)-ਜਿਸ ਤਰਾਂ ਸਾਡੇ ਦੇਸ਼ ਅੰਦਰ ਜਦੋਂ ਕੋਈ ਵੱਡਾ ਹਾਦਸਾ ਵਾਪਰਨ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਤਦ ਹੀ ਸਾਡੀਆਂ ਸਰਕਾਰਾਂ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤੇ ਪ੍ਰਸ਼ਾਸਨ ਹਰਕਤ ਵਿੱਚ ਆ ਜਾਂਦਾ ਹੈ, ਸ਼ਾਇਦ ਅਜਿਹੀ ਅਣਹੋਣੀ ਹੀ ਉਡੀਕ ਰਿਹਾ ਹੈ ਸਾਡਾ ਪ੍ਰਸ਼ਾਸਨ ਕਿਉਂਕਿ ਬਲਾਚੌਰ ਸ਼ਹਿਰ ਦੀਆਂ ਸੜਕਾਂ ਖ਼ਾਸ ਕਰਕੇ ਮੁੱਖ ਚੌਕ ਬਲਾਚੌਰ (ਭੱਦੀ ਰੋਡ-ਗਹੂੰਣ ਰੋਡ ਵਾਲੇ ਪਾਸੇ) ਵਿੱਚ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਕਿਸੀ ਵੀ ਵਕਤ ਭਿਆਨਕ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਮੁੱਖ ਚੌਕ ਨੇੜੇ ਲੁੱਕ ਬੱਜਰੀ ਬਿਲਕੁਲ ਉੱਖੜ ਚੁੱਕੀ ਹੈ ਅਤੇ ਕਰੀਬ ਇੱਕ-ਇੱਕ ਫੁੱਟ ਗਹਿਰੇ ਟੋਇਆਂ ਕਾਰਨ ਕਈ ਮੋਟਰ ਗੱਡੀਆਂ ਦੇ ਐਕਸਲ ਟੁੱਟਣ ਕਾਰਨ ਅਕਸਰ ਲੁੜ੍ਹਕਦੀਆਂ ਦੇਖੀਆਂ ਜਾ ਸਕਦੀਆਂ ਹਨ, ਇਸੀ ਤਰਾਂ ਦੋ ਪਹੀਆਂ ਵਾਹਨਾਂ 'ਤੇ ਆਉਣ-ਜਾਣ ਵਾਲੇ ਜਾਨ ਜੋਖ਼ਮ ਵਿੱਚ ਪਾ ਕੇ ਲੰਘਦੇ ਹਨ | ਭੱਦੀ ਰੋਡ ਤੇ ਗਹੂੰਣ ਰੋਡ 'ਤੇ ਮੁੱਖ ਬਾਜ਼ਾਰ ਹੋਣ ਕਾਰਨ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਅਤੇ ਭੱਦੀ ਰੋਡ 'ਤੇ ਦਾਣਾ ਮੰਡੀ, ਸਬਜੀ ਮੰਡੀ, ਕਈ ਸਰਕਾਰੀ, ਸਹਿਕਾਰੀ ਤੇ ਖੇਤੀਬਾੜੀ ਬੈਂਕਾਂ ਤੋਂ ਇਲਾਵਾ ਵਿੱਦਿਅਕ ਸਥਾਨ, ਤਿੰਨ ਮੈਰਿਜ ਪੈਲੇਸ ਸਥਿਤ ਹਨ ਅਤੇ ਨਿੱਜੀ ਹਸਪਤਾਲ ਤੇ ਕਲੀਨਿਕਾਂ ਤੋਂ ਇਲਾਵਾ ਭੱਦੀ ਰੋਡ ਰਾਹੀ ਸਿਰਫ਼ ਬਲਾਚੌਰ ਜਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਹੀ ਨਹੀਂ ਪੰਜਾਬ ਭਰ ਦੇ ਅਨੇਕਾਂ ਜ਼ਿਲਿ੍ਹਆਂ ਤੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਦੇ ਗੁਰਧਾਮਾਂ ਦੇ ਨਾਲ-ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਖੇ ਸੁਸ਼ੋਭਿਤ ਮਾਤਾ ਨੈਣਾਂ ਦੇਵੀ ਮੰਦਰ, ਦੇਹਰਾ ਬਾਬਾ ਵਡਭਾਗ ਸਿੰਘ, ਸ਼ਾਹ ਤਲਾਈਆਂ ਬਾਬਾ ਬਾਲਕ ਨਾਥ, ਪੀਰ ਨਿਗਾਹਾਂ ਊਨਾ ਅਤੇ ਧਾਰਮਿਕ ਅਸਥਾਨ ਸ਼੍ਰੀ ਮਣੀਕਰਨ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ 'ਤੇ ਸੰਗਤਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਪਰ ਮੁੱਖ ਚੌਂਕ ਦੇ ਨਾਲ-ਨਾਲ ਆਪਣੀ ਹੋਣੀ 'ਤੇ ਹੰਝੂ ਵਹਾਅ ਰਹੀ ਭੱਦੀ ਰੋਡ 'ਤੇ ਆਉਣਾ-ਜਾਣਾ ਬਹੁਤ ਜੌਖਮ ਭਰਿਆ ਸਫ਼ਰ ਬਣ ਚੁੱਕਾ ਹੈ | ਇਸੀ ਤਰਾਂ ਸਿਆਣਾ ਤੋਂ ਰੁੜਕੀ ਬਾਈਪਾਸ ਤੱਕ ਇਹ ਨਹੀਂ ਪਤਾ ਲੱਗਦਾ ਹੈ ਕਿ ਸੜਕ ਵਿੱਚ ਟੋਏ ਹਨ ਜਾਂ ਟੋਇਆ ਵਿੱਚ ਸੜਕ | ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਮੁੱਖ ਚੌਂਕ ਵਿਖੇ ਜਦੋਂ ਤੱਕ ਪ੍ਰੀਮਿਕਸ ਨਹੀਂ ਪੈਂਦੀ ਤਾਂ ਐਨਾ ਟੋਟਾ ਇੰਟਰਲਾਕ ਟਾਈਲਾਂ ਨਾਲ ਹੀ ਬਣਾ ਦਿੱਤਾ ਜਾਵੇ ਅਤੇ ਭੱਦੀ ਰੋਡ ਸਮੇਤ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਸਾਰ ਲਈ ਜਾਵੇ |
ਕੀ ਬਲਾਚੌਰ ਦਾ ਪ੍ਰਸ਼ਾਸਨ ਭਿਆਨਕ ਸੜਕ ਹਾਦਸਾ ਵਾਪਰਨ ਤੋਂ ਬਾਅਦ ਹੀ ਜਾਗੇਗਾ
ਅਜੀਤ ਡੈਸਕ
19-06-2025