ਕਾਠਗੜ੍ਹ, 18 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੰਮਪਲ ਅਕਾਸ਼ਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 71 ਕਿਲੋਗ੍ਰਾਮ ਭਾਰ ਸੀਨੀਅਰ ਵਰਗ 'ਚ ਅਸਤਾਨਾ ਕਜ਼ਾਕਿਸਤਾਨ ਵਿਖੇ 12 ਤੋਂ 15 ਜੂਨ ਤੱਕ ਹੋਏ ਗਰੈਪਲਿੰਗ (ਰੈਸਲਿੰਗ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਿਆ | ਇਸ ਮੌਕੇ 'ਤੇ ਕਾਠਗੜ੍ਹ ਮੋੜ 'ਤੇ ਅਕਾਸ਼ਦੀਪ ਕਟਾਰੀਆ ਦਾ ਨਿੱਘਾ ਸਵਾਗਤ ਕੀਤਾ ਗਿਆ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਅਸ਼ੋਕ ਕਟਾਰੀਆ ਨੇ ਹਾਰ ਪਾ ਕੇ ਅਕਾਸ਼ਦੀਪ ਕਟਾਰੀਆ ਦਾ ਸਵਾਗਤ ਕੀਤਾ | ਅਸ਼ੋਕ ਕਟਾਰੀਆ ਨੇ ਦੱਸਿਆ ਕਿ ਵਰਲਡ ਕੱਪ 'ਚ ਵੱਖ-ਵੱਖ ਵਰਗਾਂ 'ਚ ਪੂਰੇ ਦੇਸ਼ ਵਿੱਚੋਂ 28 ਖਿਡਾਰੀ ਭਾਗ ਲੈਣ ਗਏ ਸਨ ਤੇ ਜਿਨ੍ਹਾਂ ਵਿੱਚ ਪੰਜਾਬ 'ਚੋਂ ਇਕੱਲੇ ਅਕਾਸ਼ਦੀਪ ਕਟਾਰੀਆ ਦੀ ਹੀ ਚੋਣ ਹੋਈ ਸੀ | ਅਕਾਸ਼ਦੀਪ ਕਟਾਰੀਆ ਨੇ ਇਕੱਲੇ ਆਪਣੇ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਅਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ | ਇਸ ਮੌਕੇ ਸੀਨੀਅਰ ਆਪ ਆਗੂ ਨੰਬਰਦਾਰ ਜਸਵੀਰ ਸਿੰਘ ਘੁੰਮਣ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪਹੁੰਚਣ 'ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ |