ਨਵਾਂਸ਼ਹਿਰ, 19 ਜੂਨ (ਹਰਮਿੰਦਰ ਸਿੰਘ ਪਿੰਟੂ)-ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਵਲੋਂ ਹੈੱਡ ਕਾਂਸਟੇਬਲ ਰਵੀ ਕੁਮਾਰ ਨੂੰ ਡੀ.ਜੀ.ਪੀ ਡਿਸਕ ਮਿਲਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਦਾਰ ਭਾਰਟਾ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਵਲੋਂ ਰਵੀ ਕੁਮਾਰ ਦੀਆਂ ਪੰਜਾਬ ਪੁਲਿਸ 'ਚ ਵਧੀਆ ਸੇਵਾਵਾਂ ਬਦਲੇ ਡੀ. ਜੀ. ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ ਰਵੀ ਕੁਮਾਰ ਵੱਲੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ | ਰਵੀ ਕੁਮਾਰ ਨੇ ਪੁਲਿਸ ਮਹਿਕਮੇ 'ਚ ਡਿਊਟੀ ਦੇ ਨਾਲ ਸਮਾਜ ਸੇਵਾ ਦੇ ਕੰਮਾਂ 'ਚ ਵੀ ਅਹਿਮ ਯੋਗਦਾਨ ਪਾਇਆ ਹੈ | ਇਸ ਮੌਕੇ ਐਸ.ਐਚ.ਓ ਸਿਟੀ ਚੌਧਰੀ ਵਰਿੰਦਰ ਕੁਮਾਰ, ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਸੰਤੋਖ ਤਾਜਪੁਰੀ, ਸਰਬਜੀਤ ਸਾਬੀ, ਹਰਬੰਸ ਲਾਲ, ਰਾਮ ਕੁਮਾਰ ਆਦਿ ਹਾਜ਼ਰ ਸਨ |