ਨਵਾਂਸ਼ਹਿਰ, 20 ਜੂਨ (ਜਸਬੀਰ ਸਿੰਘ ਨੂਰਪੁਰ)-ਸਰੀਰਕ ਤੰਦਰੁਸਤੀ ਲਈ ਯੋਗਾ ਦਾ ਜ਼ਿੰਦਗੀ 'ਚ ਅਹਿਮ ਯੋਗਦਾਨ ਹੈ, ਇਸ ਸਮੇਂ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਆਪਣੀ ਜ਼ਿੰਦਗੀ 'ਚ ਯੋਗ ਨੂੰ ਹਿੱਸਾ ਬਣਾਉਣਾ ਜ਼ਰੂਰੀ ਹੈ ਕਿਉਂਕਿ ਇਸ ਸਮੇਂ ਭਿਆਨਕ ਬਿਮਾਰੀਆਂ ਦਾ ਟਾਕਰਾ ਯੋਗ ਆਸਣਾਂ ਰਾਹੀਂ ਹੀ ਹੋ ਸਕਦਾ ਹੈ | ਕੌਮਾਂਤਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਪੂਰੇ ਸੰਸਾਰ 'ਚ ਮਨਾਇਆ ਜਾ ਰਿਹਾ ਹੈ | ਇਸ ਵਾਰ ਵੀ ਗਿਆਰ੍ਹਵਾਂ ਕੌਮਾਂਤਰੀ ਯੋਗ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਲੋਕਾਂ 'ਚ ਇਸ ਸਮੇਂ ਯੋਗ ਆਸਣਾਂ ਪ੍ਰਤੀ ਚੇਤਨਤਾ ਪੈਦਾ ਹੋ ਰਹੀ ਹੈ | ਇਸ ਸਮੇਂ ਚੇਤਨ ਮਨੁੱਖ ਹਰ ਰੋਜ਼ ਆਪਣੀ ਜ਼ਿੰਦਗੀ 'ਚ ਯੋਗ ਨੂੰ ਇੱਕ ਹਿੱਸਾ ਬਣਾ ਕੇ ਚੱਲ ਰਿਹਾ ਹੈ | ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 2014 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਕੌਮਾਂਤਰੀ ਯੋਗ ਦਿਵਸ ਦਾ ਪ੍ਰਸਤਾਵ ਪੇਸ਼ ਕਰਕੇ ਕੀਤੀ | 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ | 2015 'ਚ ਪਹਿਲੀ ਵਾਰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਉਸ ਤੋਂ ਬਾਅਦ ਹਰ ਸਾਲ ਦੇਸ਼ 'ਚ ਯੋਗ ਦਿਵਸ ਦੀ ਅਹਿਮ ਮਹੱਤਤਾ ਬਣੀ | ਯੋਗ ਵਿੱਦਿਆ ਦਾ ਹਜ਼ਾਰਾਂ ਸਾਲ ਦਾ ਪੁਰਾਣਾ ਇਤਿਹਾਸ ਹੈ | ਰਿਸ਼ੀਆਂ ਮੁਨੀਆਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਇਹ ਕਰਿਆਵਾਂ ਮਨੁੱਖ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ | ਇਸ ਸਮੇਂ ਮਨੁੱਖ ਤਣਾਅ ਦੇ ਮਾਹੌਲ 'ਚੋਂ ਗੁਜ਼ਰ ਰਿਹਾ ਹੈ ਅਤੇ ਉਸ 'ਚ ਦਿਨੋਂ ਦਿਨ ਡਿਪਰੈਸ਼ਨ ਦੀ ਬਿਮਾਰੀ ਪੈਦਾ ਹੋ ਰਹੀ ਹੈ | ਜਿਸ ਕਾਰਨ ਉਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ | ਇਹਨਾਂ ਬਿਮਾਰੀਆਂ ਦਾ ਇੱਕੋ-ਇੱਕ ਹੱਲ ਇਕਾਂਤਵਾਸ ਹੋ ਕੇ ਯੋਗ ਕਿਰਿਆਵਾਂ ਕਰਨਾ ਹੈ | ਇਸ ਸਮੇਂ ਦੌੜ ਭੱਜ ਦੀ ਦੁਨੀਆ 'ਚ ਮਨੁੱਖ ਇੰਨੇ ਰੁਝੇਵਿਆਂ ਤੇ ਝਮੇਲਿਆਂ 'ਚ ਫਸਿਆ ਹੋਇਆ ਹੈ ਕਿ ਉਸ ਕੋਲ ਆਪਣੇ ਸਰੀਰ ਦੀ ਤੰਦਰੁਸਤੀ ਲਈ ਕੋਈ ਸਮਾਂ ਨਹੀਂ ਹੈ | ਸਰੀਰਕ ਤੰਦਰੁਸਤੀ ਲਈ ਜਿੱਥੇ ਕਸਰਤ ਸਹਾਈ ਹੋ ਰਹੀ ਹੈ, ਉੱਥੇ ਯੋਗ ਨਾ ਕੇਵਲ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਈ ਹੁੰਦਾ ਹੈ ਸਗੋਂ ਯੋਗ ਇਨਸਾਨ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਦਾ ਹੈ | ਯੋਗ ਕਰਨ ਵਾਲਾ ਇਨਸਾਨ ਜਿੱਥੇ ਤੰਦਰੁਸਤ ਰਹਿੰਦਾ ਹੈ, ਉੱਥੇ ਉਸ ਵਿੱਚ ਚੁਸਤੀ ਤੇ ਫੁਰਤੀ ਪੈਦਾ ਹੁੰਦੀ ਹੈ | ਯੋਗਾ ਕਰਨ ਵਾਲਾ ਵਿਅਕਤੀ ਆਮ ਵਿਅਕਤੀਆਂ ਨਾਲੋਂ ਤੁਹਾਨੂੰ ਵਧੀਆ ਪ੍ਰਭਾਵਸ਼ਾਲੀ ਅਤੇ ਰਿਸ਼ਟ ਪੁਸਟ ਨਜ਼ਰ ਆਵੇਗਾ | ਪ੍ਰਾਚੀਨ ਭਾਰਤ 'ਚ ਯੋਗ ਨੂੰ ਕਾਫੀ ਅਹਿਮ ਮੰਨਿਆ ਗਿਆ ਹੈ ਭਾਰਤ ਦੇ ਲੋਕ ਸਾਲਾਂ ਤੋਂ ਯੋਗ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਯੋਗ ਨੂੰ ਅਸਲ ਪਛਾਣ 2014 'ਚ ਮਿਲੀ | ਵੱਖ-ਵੱਖ ਸ਼ਹਿਰਾਂ 'ਚ ਖੁੱਲ੍ਹੇ ਯੋਗ ਕੇਂਦਰ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੇ ਹਨ ਉਥ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ | ਵੱਖ-ਵੱਖ ਸ਼ਹਿਰਾਂ 'ਚ ਖੁੱਲ੍ਹੇ ਯੋਗ ਸਾਧਨਾ ਕੇਂਦਰ ਇਸ ਸਮੇਂ ਦੇਸ਼ ਦੀ ਤਰੱਕੀ 'ਚ ਵੀ ਵੱਡਾ ਯੋਗਦਾਨ ਪਾ ਰਹੇ ਹਨ | ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਯੋਗ ਗੁਰੂ ਇਸ ਸਮੇਂ ਲੋਕਾਂ ਨੂੰ ਯੋਗ ਨਾਲ ਜੋੜ ਕੇ ਇੱਕ ਪੁੰਨ ਦਾ ਕੰਮ ਵੀ ਕਰ ਰਹੇ ਹਨ |