ਕਾਠਗੜ੍ਹ, 20 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਪੇ੍ਰਮ ਨਗਰ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਪਰ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ | ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੇਮ ਨਗਰ ਦੀਆਂ ਗਲੀਆਂ 'ਚ ਹਰ ਪਾਸੇ ਵੱਡੇ ਪੱਧਰ 'ਤੇ ਗੰਦਾ ਪਾਣੀ ਖੜ੍ਹਾ ਹੈ | ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਕੂਲ ਜਾਣ ਅਤੇ ਡਿਊਟੀਆਂ 'ਤੇ ਜਾਣ ਵਾਲਿਆਂ ਨੂੰ ਇਸ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ | ਇਹ ਗਲੀਆਂ ਵਿੱਚ ਖੜ੍ਹਾ ਗੰਦਾ ਪਾਣੀ ਪਿੰਡ ਵਾਸੀਆਂ ਲਈ ਵੱਡੀ ਮੁਸ਼ਕਿਲ ਦਾ ਕਾਰਨ ਬਣਿਆ ਹੋਇਆ ਹੈ | ਪਰ ਇਸ ਵੱਲ ਨਾ ਹੀ ਪਿੰਡ ਦੀ ਪੰਚਾਇਤ ਨਾ ਹੀ ਸੰਬੰਧਤ ਵਿਭਾਗ ਇਸ ਵੱਲ ਧਿਆਨ ਦੇ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਪ੍ਰੇਮ ਨਗਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵੱਡਾ ਸੰਘਰਸ਼ ਵਿੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਦੇ ਕਰੀਬ ਹੋ ਗਏ ਪਰ ਉਨ੍ਹਾਂ ਵਲੋਂ ਵੀ ਸਾਰ ਨਹੀਂ ਲਈ ਅਤੇ ਉਨ੍ਹਾਂ ਨੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਜੋ ਗਲੀਆਂ 'ਚ ਗੰਦਾ ਪਾਣੀ ਖੜ੍ਹਾ ਹੈ ਇਸ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ | ਇਸ ਮੌਕੇ ਸੰਜੀਵ ਸੋਨੂੰ, ਰਵੀ ਸ਼ੰਕਰ, ਗੁਲਾਬ ਸਿੰਘ ਰਾਣਾ ਪੰਚ, ਰਾਮ ਦਿਆਲ ਪੰਚ, ਅਮਰਜੀਤ, ਰਕੇਸ਼ ਕੁਮਾਰ, ਸੋਨੂੰ ਯਾਦਵ, ਆਰ. ਬੀ ਸਿੰਘ, ਅਮੋਦ ਸਿੰਘ, ਰਤਨਾ ਕੁਮਾਰ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਰਾਮ ਲਾਲ, ਮੋਹਨ ਰਾਮ ਸ਼੍ਰੀ ਨਿਵਾਸ, ਦੀਪਕ ਕੁਮਾਰ ਆਦਿ ਹਾਜ਼ਰ ਸਨ |