ਬਲਾਚੌਰ, 21 ਜੂਨ (ਨਰੇਸ਼ ਧੌਲ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨਾਲ ਸਬੰਧਤ ਪਿੰਡ ਬਛੌੜੀ ਦੇ ਜੰਮਪਲ ਨੌਜਵਾਨ ਯੁੱਧਵੀਰ ਸਿੰਘ ਭੰਗਲ ਪੁੱਤਰ ਸਵ: ਤਰਲੋਚਨ ਸਿੰਘ ਭੰਗਲ ਵਲੋਂ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਵਿਖੇ ਆਪਣੀ ਸਖ਼ਤ ਮਿਹਨਤ ਸਦਕਾ ਇਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ | ਯੁੱਧਵੀਰ ਸਿੰਘ ਭੰਗਲ ਨੇ ਦੱਸਿਆ ਕਿ ਛੋਟੀ ਉਮਰ 'ਚ ਹੀ ਪਿਤਾ ਤਰਲੋਚਨ ਸਿੰਘ ਭੰਗਲ ਦੇ ਅਕਾਲ ਚਲਾਣਾ ਕਰਨ ਉਪਰੰਤ ਘਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਅੱਜ ਤੋਂ ਸੱਤ ਅੱਠ ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਹਿੱਤ ਉਸ ਨੇ ਆਸਟ੍ਰੇਲੀਆ ਵਿਖੇ ਪਹੁੰਚ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ | ਜਿਸ ਵਿੱਚ ਉਸ ਦੇ ਵੱਡੇ ਭਰਾ ਪੈਰੀ ਭੰਗਲ ਦਾ ਅਹਿਮ ਯੋਗਦਾਨ ਰਿਹਾ | ਸ਼ੁਰੂਆਤ 'ਚ ਕਠਿਨਾਈਆਂ ਦਾ ਸਾਹਮਣਾ ਕਰਦਿਆਂ ਹੋਇਆਂ ਸਖ਼ਤ ਮਿਹਨਤ ਨਾਲ ਕਈ-ਕਈ ਘੰਟੇ ਕੰਮ ਕਰਕੇ ਆਪਣੀ ਪਹਿਚਾਣ ਬਣਾਈ | ਪ੍ਰੰਤੂ ਬਚਪਨ ਤੋਂ ਹੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਇਸ ਨੌਜਵਾਨ ਨੇ ਆਸਟ੍ਰੇਲੀਆ ਵਿਖੇ ਵੀ ਪਹਿਲਾਂ ਥੋੜੀ ਜ਼ਮੀਨ ਠੇਕੇ 'ਤੇ ਲੈ ਕੇ ਰਸਬੈਰੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਫਿਰ ਕੁੱਝ ਸਮੇਂ ਉਪਰੰਤ ਮਿਹਨਤ ਅਤੇ ਲਗਨ ਨਾਲ ਆਪਣੀ ਜਮੀਨ ਖਰੀਦ ਕੇ ਬਲੈਕਬੈਰੀ ਦੀ ਖੇਤੀ 'ਚ ਕਦਮ ਰੱਖਿਆ | ਆਸਟ੍ਰੇਲੀਆ 'ਚ ਇਨ੍ਹਾਂ ਫ਼ਸਲਾਂ ਦੀ ਖੇਤੀ ਨੂੰ ਉੱਚ ਦਰਜੇ ਦੀ ਖੇਤੀ ਮੰਨਿਆ ਜਾਂਦਾ ਹੈ ਅਤੇ ਇੱਥੋਂ ਤੱਕ ਪਹੁੰਚਣ ਲਈ ਆਮ ਤੌਰ 'ਤੇ ਬਹੁਤ ਲੰਬਾ ਅਰਸਾ ਲੱਗ ਜਾਂਦਾ ਹੈ ਪਰ ਯੁੱਧਵੀਰ ਨੇ ਵਾਹਿਗੁਰੂ ਦੀ ਕਿਰਪਾ ਅਤੇ ਸਖ਼ਤ ਮਿਹਨਤ ਸਦਕਾ ਸਿਰਫ ਕੁੱਝ ਸਾਲਾਂ ਵਿੱਚ ਹੀ ਇਹ ਮੁਕਾਮ ਹਾਸਿਲ ਕਰਕੇ ਸਭ ਲਈ ਮਿਸਾਲ ਕਾਇਮ ਕਰ ਦਿੱਤੀ | ਅੱਜ ਉਹ ਆਪਣੀ ਕਈ ਏਕੜ ਜਮੀਨ 'ਤੇ ਬਲੈਕਬੈਰੀ ਅਤੇ ਰਸਬੈਰੀ ਦੀ ਖੇਤੀ ਕਰ ਰਿਹਾ ਹੈ ਅਤੇ ਆਸਟ੍ਰੇਲੀਆਈ ਸਮਾਜ ਵਿੱਚ ਇੱਕ ਸਫ਼ਲ ਵਿਅਕਤੀ ਦੇ ਤੌਰ 'ਤੇ ਆਪਣੀ ਪਹਿਚਾਣ ਰੱਖਦਾ ਹੈ | ਯੁੱਧਵੀਰ ਭੰਗਲ ਦੀ ਇਹ ਸਫ਼ਲਤਾ ਨਾ ਸਿਰਫ ਉਸਦੇ ਲਈ ਸਗੋਂ ਪਿੰਡ ਬਛੌੜੀ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਲਈ ਵੀ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਹੀ ਹੈ ਅਤੇ ਹਰ ਮਿਹਨਤਕਸ਼ ਨੌਜਵਾਨ ਲਈ ਵੀ ਪ੍ਰੇਰਣਾ ਸਰੋਤ ਸਾਬਤ ਹੋ ਰਹੀ ਹੈ |