ਬਲਾਚੌਰ, 31 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਬਹੁਤ ਸਾਰੇ ਅਫ਼ਸਰ ਆਏ ਤੇ ਬਦਲੀਆਂ ਹੋਣ ਉਪਰੰਤ ਉਹ ਵੀ ਚੱਲੇ ਗਏ, ਪਰ ਤਹਿਸੀਲ ਕੰਪਲੈਕਸ ਬਲਾਚੌਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਸੁਚਾਰੂ ਰੂਪ ਵਿੱਚ ਪ੍ਰਬੰਧ ਨਹੀਂ ਕਰਾ ਸਕਿਆ | ਬਰਸਾਤੀ ਪਾਣੀ ਕਾਰਨ ਬਰਸਾਤਾਂ ਮੌਕੇ ਤਹਿਸੀਲ ਕੰਪਲੈਕਸ ਬਲਾਚੌਰ ਦਾ ਵਿਹੜਾ ਜਲ-ਥਲ ਹੋ ਕੇ ਟੋਭੇ ਦਾ ਰੂਪ ਧਾਰਨ ਕਰ ਚੁੱਕਾ ਹੈ | ਇਸ ਕੰਪਲੈਕਸ ਵਿੱਚ ਉਪ-ਮੰਡਲ ਮੈਜਿਸਟੇ੍ਰਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਉਪ-ਪੁਲਿਸ ਕਪਤਾਨ, ਦੋ ਅਦਾਲਤਾਂ, ਬਾਰ ਰੂਮ, ਵਕੀਲਾਂ ਦੇ ਚੈਂਬਰ, ਕਿਰਤ ਇੰਸਪੈਕਟਰ ਦਾ ਦਫ਼ਤਰ, ਪਟਵਾਰ ਖਾਨਾ, ਫ਼ਰਦ ਕੇਂਦਰ, ਸੁਵਿਧਾ ਕੇਂਦਰ ਤੋਂ ਇਲਾਵਾ ਅਨੇਕਾਂ ਅਸ਼ਟਾਮ ਫਰੋਸ਼, ਟਾਈਪ, ਫੋਟੋਸਟੇਟ ਵਾਲੇ, ਵਸੀਕਾ ਨਫ਼ੀਸ ਦੇ ਬੂਥ ਅਤੇ ਕੰਟੀਨ ਮੌਜੂਦ ਹੈ ਅਤੇ ਆਮ ਦਿਨਾਂ ਵਿੱਚ ਸੈਂਕੜੇ ਲੋਕ ਕੰਮਕਾਰ ਕਰਾਉਣ ਲਈ ਆਉਂਦੇ ਜਾਂਦੇ ਹਨ, ਪਰ ਬਰਸਾਤਾਂ ਦੇ ਦਿਨਾਂ ਵਿੱਚ ਜਦੋਂ ਤਹਿਸੀਲ ਕੰਪਲੈਕਸ ਦਾ ਵਿਹੜਾ ਜਲਥਲ ਹੋ ਜਾਂਦਾ ਹੈ ਤਾਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਵੱਡੇ ਅਫ਼ਸਰ ਸਾਹਿਬਾਨ ਤਾਂ ਆਪੋ-ਆਪਣੇ ਵਾਹਨਾਂ ਰਾਹੀ ਇੰਟਰਲਾਕਿੰਗ ਵਾਲੇ ਰਾਹ ਰਾਹੀ ਆਪਣੇ ਦਫ਼ਤਰਾਂ ਵਿੱਚ ਜਾ ਪੁੱਜਦੇ ਹਨ, ਜੇਕਰ ਕਿਸੀ ਨੂੰ ਦਿੱਕਤ ਆਉਂਦੀ ਹੈ, ਉਹ ਹਨ ਆਮ ਲੋਕ | ਕਿਸੇ ਨੇ ਕੋਈ ਅਸ਼ਟਾਮ ਪੇਪਰ ਲੈਣਾ ਹੁੰਦਾ ਹੈ, ਟਾਈਪ ਕਰਾਉਣੀ ਜਾਂ ਫ਼ੋਟੋ ਸਟੇਟ ਜਾਂ ਵਸੀਕਾ ਜਾਂ ਨਕਸ਼ਾਂ ਨਵੀਸਾਂ ਤੱਕ ਕੰਮ ਹੁੰਦਾ ਹੈ, ਜਿਸ ਕਾਰਨ ਜਿੱਥੇ ਆਮ ਲੋਕਾਂ ਦਾ ਕਿਰਾਇਆ ਭਾੜਾ ਤੇ ਸਮਾਂ ਬਰਬਾਦ ਹੁੰਦਾ ਹੈ, ਉੱਥੇ ਕੰਮ ਕਰਨ ਵਾਲੇ ਬਰਸਾਤਾਂ ਦੌਰਾਨ ਇੱਕ ਤਰਾਂ ਦੇ ਵਿਹਲੇ ਹੋ ਜਾਂਦੇ ਹਨ, ਜਦੋਂ ਕਿ ਆਮ ਲੋਕ ਗੰਦੇ ਪਾਣੀ ਚਿੱਕੜ ਵਿਚੋਂ ਪੈਦਲ ਕਿਵੇਂ ਆ ਜਾ ਸਕਣ | ਸੰਘਰਸ਼ੀ ਆਗੂ ਕਰਨ ਸਿੰਘ ਰਾਣਾ, ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ, ਪਵਨ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਇੰਚਾਰਜ ਯੂਥ ਵਿੰਗ ਹਨੀ ਟੌਂਸਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਗੌਰਵ ਚੌਹਾਨ ਅਤੇ ਸਮਾਜ ਸੇਵੀ ਸੁਰਜੀਤ ਸਿੰਘ ਦੋਭਾਲੀ, ਕਾਂਗਰਸੀ ਆਗੂ ਰਾਜਿੰਦਰ ਸਿੰਘ ਛਿੰਦੀ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਹੋਰ ਦੇਰੀ ਤਹਿਸੀਲ ਕੰਪਲੈਕਸ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕਰਾਇਆ ਜਾਵੇ | ਇਸ ਮੌਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਤੰਜ ਕਸਦਿਆਂ ਸਾਬਕਾ ਸੰਮਤੀ ਮੈਂਬਰ ਜਸਵੀਰ ਔਲੀਆਪੁਰ, ਜਸਵੰਤ ਕਲੇਰ ਨੇ ਆਖਿਆ ਕਿ ਜੇਕਰ ਸਰਕਾਰ ਨੇ ਪੱਕਾ ਹੱਲ ਨਹੀਂ ਕਰਾਉਣਾ ਤਾਂ ਆਮ ਲੋਕਾਂ ਦੇ ਆਉਣ-ਜਾਣ ਲਈ ਜਲ ਆਟੋ ਰਿਕਸ਼ੇ ਦਾ ਹੀ ਪ੍ਰਬੰਧ ਕਰਾ ਦਿੱਤਾ ਜਾਵੇ |