ਔੜ, 31 ਅਗਸਤ (ਗੁਰਨਾਮ ਸਿੰਘ ਸੈਣੀ)- ਐਸ.ਐਸ.ਪੀ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਰੋਕਣ ਲਈ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਰਾਜ ਕੁਮਾਰ ਨਵਾਂਸ਼ਹਿਰ ਦੀ ਅਗਵਾਈ ਹੇਠ ਔੜ ਪੁਲਿਸ ਵੱਲੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਔੜ ਦੇ ਐਸ.ਐਚ.ਓ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਐੱਚ. ਸੀ. ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਫਾਂਬੜਾ ਪੁਲੀ 'ਤੇ ਇੱਕ ਸ਼ਰਾਬ ਦਾ ਕਾਰੋਬਾਰ ਕਰਨ ਵਾਲਾ ਵਿਅਕਤੀ ਜੋ ਅੱਜ ਦਰਿਆ ਦੇ ਬੰਨ੍ਹ 'ਤੇ ਸ਼ਰਾਬ ਰੱਖ ਕੇ ਬੈਠਾ ਹੈ ਅਤੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਜਿਸ ਉਪਰੰਤ ਉਨ੍ਹਾਂ ਵੱਲੋਂ ਐੱਚ.ਸੀ ਪਰਮੇਸ਼ ਕੁਮਾਰ, ਕਾਂਸਟੇਬਲ ਗੁਰਦੀਪ ਸਿੰਘ ਅਤੇ ਪੀ.ਐਚ.ਜੀ ਰਕੇਸ਼ ਕੁਮਾਰ ਨੂੰ ਨਾਲ ਲੈਕੇ ਤੁਰੰਤ ਛਾਪਾ ਮਾਰਿਆ, ਉਸ ਦੌਰਾਨ 48 ਬੋਤਲਾਂ ਨਾਜਾਇਜ਼ ਸ਼ਰਾਬ ਵਿਸਕੀ ਮਾਰਕਾ ਚੰਡੀਗੜ੍ਹ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਹਿਚਾਣ ਜਗਤਾਰ ਰਾਮ ਵਾਸੀ ਪਿੰਡ ਬੁਰਜ ਟਹਿਲਦਾਸ ਥਾਣਾ ਔੜ ਵਜੋਂ ਹੋਈ ਹੈ, ਜਿਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਦੇ ਹੁਕਮਾਂ ਅਨੁਸਾਰ ਇਸ ਸ਼ਰਾਬ ਦੇ ਕਾਰੋਬਾਰੀ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ |