ਬਲਾਚੌਰ, 31 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਕੈਬਨਿਟ ਵਿੱਚ ਵਾਪਸ ਲੈਣ ਤੋਂ ਨਵੀਂ ਯੋਜਨਾ ਮੁਤਾਬਕ ਹੁਣ ਸ਼ਾਮਲਾਤ ਜ਼ਮੀਨਾਂ ਵੇਚਣ ਦੇ ਰੌਂਅ 'ਚ ਹੈ | ਪਰ ਕਿਸਾਨ ਮਜ਼ਦੂਰ ਭਾਈਚਾਰਾ ਪੰਜਾਬ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅਤੇ ਪਿੰਡ ਪਰਾਗਪੁਰ ਦੇ ਸਰਪੰਚ ਕੁਲਵਿੰਦਰ ਸਿੰਘ ਪਰਾਗਪੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਜੂਝਾਰੂ ਆਗੂ ਕੁਲਵਿੰਦਰ ਪਰਾਗਪੁਰ ਨੇ ਆਖਿਆ ਕਿ ਬਦਲਾਅ ਦੇ ਨਾਂਅ 'ਤੇ ਪੰਜਾਬ 'ਚ ਬਣੀ 'ਆਪ' ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਸਹੁੰ ਖਾਧੀ ਲਗਦੀ ਹੈ | ਲੈਂਡ ਪੂਲਿੰਗ ਸਕੀਮ ਦਾ ਮਨਸੂਬਾ ਧਰਿਆ ਧਰਾਇਆ ਰਹਿ ਜਾਣ ਤੋਂ ਬਾਅਦ ਪੰਜਾਬ ਸਰਕਾਰ ਪੰਚਾਇਤੀ ਵਿਭਾਗ 'ਤੇ ਦਬਾਅ ਬਣਾ ਕੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਵੇਚਣ ਲਈ ਤਿਆਰੀ ਕਰ ਰਹੀ ਹੈ | ਪੰਜਾਬ ਸਰਕਾਰ ਇਹ ਮੁਹਾਲੀ ਤੋਂ ਸ਼ੁਰੂਆਤ ਕਰਨ ਲੱਗ ਪਈ ਹੈ | ਸਰਕਾਰ ਨੇ ਕਥਿਤ ਤੌਰ 'ਤੇ ਜਬਰੀ 17 ਪੰਚਾਇਤਾਂ ਕੋਲੋਂ 26 ਅਗਸਤ ਨੂੰ ਪੰਚਾਇਤੀ ਵਿਭਾਗ 'ਤੇ ਦਬਾਅ ਬਣਾ ਕੇ ਮਤੇ ਪਾਉਣ ਲਈ ਪੰਜਾਬ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ | ਇਸ ਨੂੰ ਕਿਸਾਨ ਜਥੇਬੰਦੀਆਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੀਆਂ | ਜੇਕਰ ਪੰਜਾਬ ਸਰਕਾਰ ਨੇ ਇਹ ਫੈਸਲਾ ਵੀ ਵਾਪਸ ਨਾ ਲਿਆ ਤਾਂ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਲਈ ਤਿਆਰ ਹਨ | ਇਸੇ ਮੁੱਦੇ 'ਤੇ ਸ਼ਹੀਦ ਭਗਤ ਸਿੰਘ ਨਗਰ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ 3 ਸਤੰਬਰ ਬੁੱਧਵਾਰ ਨੂੰ ਬਲਾਚੌਰ ਅਤੇ ਕਾਠਗੜ੍ਹ ਵਿਖੇ ਕਰਨ ਦਾ ਫੈਸਲਾ ਕੀਤਾ ਹੈ | ਜਿਸ ਦੀ ਪ੍ਰਧਾਨਗੀ ਸੰਤੋਖ ਸਿੰਘ ਰੈਲਮਾਜਰਾ ਕਰਨਗੇ |