ਮੁਕੰਦਪੁਰ, 15 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਕਾਲਜ ਮੁਕੰਦਪੁਰ ਦੇ ਈ.ਵੀ.ਐੱਸ ਵਿਸ਼ੇ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਹੋਈ ਹਦਾਇਤ ਅਨੁਸਾਰ ਅਤੇ ਪਿ੍ੰਸੀਪਲ ਸ. ਮਨਜੀਤ ਸਿੰਘ ਦੀ ਅਗਵਾਈ ਹੇਠ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਦੀ ਫੀਲਡ ਵਿਜ਼ਿਟ ਕੀਤੀ | ਇਸ ਵਿਜ਼ਿਟ ਵਿੱਚ ਸਾਇੰਸ, ਕਾਮਰਸ, ਆਰਟਸ ਅਤੇ ਕੰਪਿਊਟਰ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ਼ ਹਿੱਸਾ ਲਿਆ | ਡਾ. ਨਿਰਦੋਸ਼ ਕੌਰ ਅਤੇ ਡਾ. ਕਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਿਜ਼ਿਟ ਦੌਰਾਨ ਵਿਦਿਆਰਥੀਆਂ ਨੇ ਜਲਵਾਯੂ ਪਰਿਵਰਤਨ, ਵਾਤਾਵਰਨ ਅਤੇ ਈਕੋਸਿਸਟਮ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਗਿਆਨ ਹਾਸਲ ਕੀਤਾ, ਡਇਨਾਸੋਰ ਪਾਰਕ ਵਿੱਚ ਡਾਇਨਾਸੋਰ ਦੇ ਮਾਡਲ ਵੇਖੇ ਅਤੇ 3 ਡੀ.ਸ਼ੋਅ ਰਾਹੀਂ ਵਿਗਿਆਨ ਜਗਤ ਨਾਲ਼ ਜੁੜੀਆਂ ਕਈ ਗੱਲਾਂ ਸਿੱਖੀਆਂ | ਇਸ ਮੌਕੇ ਸਾਇੰਸ ਸਿਟੀ ਦੇ ਮਾਹਰਾਂ ਨੇ ਵਿਦਿਆਰਥੀਆਂ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕਿਵੇਂ ਵਾਤਾਵਰਣ, ਪਾਣੀ ਅਤੇ ਧਰਤੀ ਨੂੰ ਆਪਣੇ ਛੋਟੇ-ਛੋਟੇ ਉਪਰਾਲਿਆਂ ਰਾਹੀਂ ਰਹਿਣਯੋਗ ਬਣਾਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਲਈ ਵੀ ਕੁਦਰਤੀ ਸ਼੍ਰੋਤ ਬਚਾਏ ਜਾ ਸਕਣ | ਵਿਦਿਆਰਥੀਆਂ ਨੇ ਵਾਤਾਵਰਣ ਨਾਲ਼ ਸੰਬੰਧਤ ਸਾਇੰਸ ਸਿਟੀ ਦੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵੀ ਗਿਆਨ ਹਾਸਲ ਕੀਤਾ ਅਤੇ ਅੰਤ ਵਿੱਚ ਸਾਇੰਸ ਸਿਟੀ ਵਲੋਂ ਉਨ੍ਹਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਵੇਤਾ, ਡਾ. ਮਨਦੀਪ ਕੌਰ, ਜਸਵੀਰ ਕੌਰ, ਮਨਦੀਪ ਸਿੰਘ ਅਤੇ ਮਿਸ. ਅਮਨਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |