ਬੰਗਾ, 17 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ)-ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜ਼ੂਏਸ਼ਨ ਡਿਗਰੀ ਵੰਡ ਸਮਾਗਮ ਕਰਵਾਇਆ | ਇਸ ਮੌਕੇ ਨਰਸਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਸਰਟੀਫਿਕੇਟ ਪ੍ਰਦਾਨ ਕੀਤੇ | ਸਮਾਗਮ ਦੇ ਮੁੱਖ ਮਹਿਮਾਨ ਰੁਪਿੰਦਰ ਸਿੰਘ ਸਾਬਕਾ ਸੀਨੀਅਰ ਐਸੋਸੀਏਟਿਡ ਐਡੀਟਰ ਦ ਟਿ੍ਬਿਊਨ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਰਸਿੰਗ ਦੀ ਮਹਾਨਤਾ ਸੰਬੰਧੀ ਜਾਣੂ ਕਰਵਾਇਆ | ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਨਰਸਿੰਗ ਕਿੱਤੇ ਰਾਹੀਂ ਪੰਜਾਬ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਦੁਨੀਆਂ ਭਰ 'ਚ ਕਾਮਯਾਬ ਹੋਣ ਦਾ ਰਾਹ ਪ੍ਰਾਪਤ ਹੋਇਆ ਹੈ | ਸਮਾਗਮ ਦੇ ਮੁੱਖ ਬੁਲਾਰੇ ਪ੍ਰੋਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਸਾਡੇ ਸਿਹਤ ਕਾਮਿਆਂ, ਨਰਸਾਂ, ਡਾਕਟਰਾਂ ਨੂੰ ਰੋਗੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਉਨ੍ਹਾਂ ਦਾ ਡਾਇਗਨੋਜ਼ ਤੇ ਇਲਾਜ ਕਰਨ 'ਚ ਸਾਹਿਤ ਬਹੁਤ ਮਦਦਗਾਰ ਹੁੰਦਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਤੇ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਨਰਸਿੰਗ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ | ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਆਪਣੀ ਮਾਤਾ ਬੀਜੀ ਕਸ਼ਮੀਰ ਕੌਰ ਢਾਹਾਂ ਸੁਪਤਨੀ ਬਾਬਾ ਬੁੱਧ ਸਿੰਘ ਢਾਹਾਂ ਵਲੋਂ ਕੈਨੇਡਾ ਤੋਂ ਭੇਜਿਆ ਖੁਸ਼ੀ ਭਰਿਆ ਸ਼ੰਦੇਸ਼ ਸਾਂਝਾ ਕਰਦੇ ਹੋਏ, ਨਰਸਿੰਗ ਡਿਗਰੀ ਪ੍ਰਾਪਤ ਕਰਨ ਵਾਲੇ ਨਰਸਿੰਗ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੇ ਕਾਮਯਾਬ ਭਵਿੱਖ ਲਈ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਜੇ ਪਰਿਵਾਰ 'ਚ ਇਕ ਲੜਕੀ ਪੜ੍ਹ-ਲਿਖ ਜਾਵੇ ਤਾਂ ਉਹ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ | ਟਰੱਸਟ ਦਾ ਵੀ ਮਿਸ਼ਨ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵੀ ਸਿੱਖਿਅਤ ਕਰਕੇ ਉਨ੍ਹਾਂ ਦਾ ਭਵਿੱਖ ਸੁਨਿਹਰੀ ਬਣਾਉਣਾ ਹੈ | ਪਿ੍ੰਸੀਪਲ ਰਮਨਦੀਪ ਕੌਰ ਕੰਗ ਨੇ ਦੱਸਿਆ ਕਿ ਹੁਣ ਤੱਕ 2653 ਨਰਸਿੰਗ ਵਿਦਿਆਰਥੀ ਇਸ ਕਾਲਜ ਤੋਂ ਡਿਗਰੀ ਪ੍ਰਾਪਤ ਚੁੱਕੇ ਹਨ | ਅੱਜ ਬੀ. ਐਸ. ਸੀ. ਨਰਸਿੰਗ ਦੇ 23ਵੇਂ ਬੈਚ, ਜੀ. ਐਨ. ਐਮ. ਨਰਸਿੰਗ ਦੇ 29ਵੇਂ ਬੈਚ ਤੇ ਬੀ. ਐਸ. ਸੀ. ਪੋਸਟ ਬੇਸਿਕ ਦੇ 15ਵੇਂ ਬੈਚ ਦੇ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ | ਰੁਪਿੰਦਰ ਸਿੰਘ ਤੇ ਪ੍ਰੋਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਨਰਸਿੰਗ ਗ੍ਰੈਜੂਏਟ ਨੂੰ ਆਪਣੇ ਕਰ ਕਮਲਾਂ ਨਾਲ ਡਿਗਰੀ ਸਰਟੀਫੀਕੇਟ ਪ੍ਰਦਾਨ ਕੀਤੇ | ਇਸ ਮੌਕੇ ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਮਲਕੀਅਤ ਸਿੰਘ ਬਾਹੜੋਵਾਲ ਟਰੱਸਟੀ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਆਦਿ ਹਾਜ਼ਰ ਸਨ |