ਪੋਜੇਵਾਲ ਸਰਾਂ, 21 ਅਕਤੂਬਰ (ਨਵਾਂਗਰਾਈਾ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਸਮਾਗਮਾਂ ਦੀ ਸ਼ੁਰੂਆਤ 22 ਅਕਤੂਬਰ ਤੋਂ ਹੋਵੇਗੀ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਤੇ ਸਰਪੰਚ ਜਤਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ 22 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਸਮਾਗਮ ਦੀ ਆਰੰਭਤਾ ਹੋਵੇਗੀ | ਇਸ ਸੰਬੰਧੀ 23 ਅਕਤੂਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਚਾਂਦਪੁਰ ਰੁੜਕੀ ਤੋਂ ਸ਼ੁਰੂ ਹੋਵੇਗਾ ਤੇ ਚਾਂਦਪੁਰ ਰੁੜਕੀ ਖ਼ੁਰਦ, ਭੁੱਲੇਵਾਲ, ਟੋਰੋਵਾਲ, ਰੌੜੀ, ਪੋਜੇਵਾਲ, ਕਰੀਮਪੁਰ ਚਾਹਵਾਲਾ, ਨਵਾਂਗਰਾ ਕੁੱਲਪੁਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | 24 ਅਕਤੂਬਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਵੇਗਾ | 22 ਅਕਤੂਬਰ ਰਾਤ ਨੂੰ ਬੱਚੀਆਂ ਦਾ ਕੀਰਤਨ, ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, 23 ਅਕਤੂਬਰ ਰਾਤ ਨੂੰ ਬੱਚੀਆਂ ਦਾ ਕੀਰਤਨ ਤੇ ਭਾਈ ਗੁਰਮਨਦੀਪ ਸਿੰਘ ਰੱਕੜਾਂ ਵਾਲੇ ਅਤੇ 24 ਅਕਤੂਬਰ ਦਿਨ ਵੇਲੇ ਬੱਚੀਆਂ ਦੇ ਕੀਰਤਨ ਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਬੀਝੋਵਾਲ ਵਾਲੇ ਅਤੇ ਢਾਡੀ ਸਤਨਾਮ ਸਿੰਘ ਖਾਲਸਾ ਲੁਧਿਆਣਾ ਵਾਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਰਾਤ ਵੇਲੇ ਬੱਚੀਆਂ ਦੇ ਕੀਰਤਨ ਤੋਂ ਬਾਅਦ ਭਾਈ ਸ਼ੁਭਦੀਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਵਾਲੇ ਅਤੇ ਭਾਈ ਜਰਨੈਲ ਸਿੰਘ ਕਥਾ ਵਾਚਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਾਲੇ ਕੀਰਤਨ ਕਰਨਗੇ |