ਟੱਪਰੀਆਂ ਖੁਰਦ, 21 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਸਮੂਹ ਨਗਰ ਨਿਵਾਸੀ ਤੇ ਪ੍ਰਬੰਧਕ ਕਮੇਟੀ ਬਾਬਾ ਗੁਰਦਿੱਤਾ ਜੀ ਪਿੰਡ ਕਟਵਾਰਾ ਵਲੋਂ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਵਸ ਸੰਬੰਧੀ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਮਾਗਮ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਹ ਜਾਣਕਾਰੀ ਗੁਰੁੂ ਘਰ ਦੇ ਸੇਵਾਦਾਰ ਚੌਧਰੀ ਓਮਕਾਰ ਸਾਬਕਾ ਸਰਪੰਚ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸਮਾਗਮਾਂ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਦੱਸਿਆ ਕਿ 28 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਵੇਰੇ 10 ਵਜੇ ਆਰੰਭ ਕਰਨ ਉਪਰੰਤ 11 ਵਜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਆਰੰਭ ਕੀਤੀ ਜਾਵੇਗੀ | ਸਮਾਗਮ ਦੇ ਪਹਿਲੇ ਦਿਨ ਰਾਤ ਦੇ ਸਮਾਗਮ ਮੌਕੇ ਭਾਈ ਰਜਿੰਦਰ ਸਿੰਘ ਖੰਡੂਪੁਰ ਵਾਲਿਆਂ ਦਾ ਕੀਰਤਨੀ ਜਥਾ, ਦੂੁਜੇ ਦਿਨ 29 ਅਕਤੂਬਰ ਨੂੰ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੰਜ ਪਿਆਰਿਆਂ ਦੀ ਯੋਗ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸਾਹਿਬ ਪਿੰਡ ਕਰੀਮਪੁਰ ਚਾਹਵਾਲਾ, ਪੋਜੇਵਾਲ ਸਰਾਂ, ਕਟਵਾਰਾ ਖੁਰਦ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਨਗਰ ਕੀਰਤਨ ਦੌਰਾਨ ਭਾਈ ਇੰਦਰਜੀਤ ਸਿੰਘ ਪੈਲੀ ਵਾਲਿਆਂ ਦਾ ਕੀਰਤਨੀ ਜਥਾ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਏਗਾ | ਸਮਾਗਮ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵਲੋਂ ਰਾਤ ਨੂੰ ਸਜਾਏ ਜਾ ਰਹੇ ਦੀਵਾਨ ਮੌਕੇ ਭਾਈ ਰਾਜਨਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦਾ ਕੀਰਤਨ ਜਥਾ ਸੰਗਤਾਂ ਨੂੰ ਗੁਰੂੁ ਮਹਿਮਾ ਨਾਲ ਜੋੜੇਗਾ | 30 ਅਕਤੂਬਰ ਨੂੰ ਆਰੰਭੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਵੀਰ ਜਤਿੰਦਰ ਸਿੰਘ ਮਲਕਪੁਰ ਫਗੜਾੜੇ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਗੁਰੂੁ ਸਾਹਿਬਾਨ ਅਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਬਾਰੇ ਵਿਸਥਾਰਪੁਰਵਕ ਚਾਨਣਾ ਪਾਏਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਸਬੰਧ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਵਲੋਂ 24 ਅਕਤੂਬਰ ਨੂੰ ਅੱਖਾਂ ਦਾ ਲੈਂਜ਼ਾਂ ਵਾਲਾ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ 'ਚ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਸੁਸਾਇਟੀ ਵਲੋਂ ਮੁਫ਼ਤ ਦਿੱਤੀਆ ਜਾਣਗੀਆਂ ਅਤੇ ਲੋੜਵੰਦ ਮਰੀਜ਼ਾਂ ਦੇ ਲੈਨਜਾਂ ਵਾਲੇ ਆਪ੍ਰੇਸ਼ਨ ਵੀ ਮਾਹਰ ਡਾਕਟਰਾਂ ਵਲੋਂ ਮੁਫਤ ਕੀਤੇ ਜਾਣਗੇ | ਇਸ ਮੌਕੇ ਸੁਸਾਇਟੀ ਵਲੋਂ ਪ੍ਰੋ: ਵਰਿੰਦਰ ਬਛੌੜੀ, ਕੈਪਟਨ ਤਰਸੇਮ ਸਿੰਘ ਖੁਰਦਾਂ, ਮਹਿੰਦਰ ਚੰਦ ਪੋਜੇਵਾਲ ਆਦਿ ਵੀ ਹਾਜ਼ਰ ਸਨ |