23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਲਕਾ ਦੀਨਾਨਗਰ ਦੇ ਪਿੰਡ ਚਿੱਟੀ ਪਹੁੰਚੀ ਅਦਾਰਾ 'ਅਜੀਤ' ਦੀ ਟੀਮ

ਅਜੀਤ ਡੈਸਕ 22-10-2025

ਰਾਹਤ ਫ਼ੰਡ 'ਚੋਂ 8 ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ
ਗੁਰਦਾਸਪੁਰ, 21 ਅਕਤੂਬਰ (ਚੱਕਰਾਜਾ/ ਗੁਰਪ੍ਰਤਾਪ ਸਿੰਘ)-ਬੀਤੇ ਦਿਨੀਂ ਆਏ ਹੜ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਬਹੁਤ ਸਾਰੇ ਪਿੰਡਾਂ ਵਿਚ ਵੱਡਾ ਨੁਕਸਾਨ ਕੀਤਾ ਸੀ | ਇਸ ਹਲਕੇ ਵਿਚ ਜ਼ਿਆਦਾ ਨੁਕਸਾਨ ਉਨ੍ਹਾਂ ਪਿੰਡਾਂ ਦਾ ਹੋਇਆ ਹੈ, ਜੋ ਰਾਵੀ ਦਰਿਆ ਦੇ ਨੇੜੇ ਸਥਿਤ ਹਨ | ਇਨ੍ਹਾਂ ਪਿੰਡਾਂ ਵਿਚ ਜਿਥੇ ਕਿਸਾਨਾਂ ਦੀ ਫ਼ਸਲ ਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ, ਉਥੇ ਹੀ ਲੋਕਾਂ ਦੇ ਘਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ | ਘਰਾਂ ਵਿਚ ਭਰੇ ਪਾਣੀ ਕਾਰਨ ਲੋਕਾਂ ਦੇ ਕੱਪੜੇ ਤੱਕ ਖ਼ਰਾਬ ਹੋ ਚੁੱਕੇ ਹਨ | ਅਜਿਹੇ ਲੋਕਾਂ ਦੀ ਮਦਦ ਲਈ ਅਦਾਰਾ 'ਅਜੀਤ' ਵਲੋਂ ਰਾਹਤ ਫ਼ੰਡ ਇਕੱਠਾ ਕੀਤਾ ਗਿਆ ਸੀ ਤਾਂ ਜੋ ਪੀੜਤ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ | ਇਸੇ ਤਹਿਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਦਾਰਾ 'ਅਜੀਤ' ਦੀ ਟੀਮ ਬੀਤੇ ਦਿਨੀਂ ਹਲਕਾ ਦੀਨਾਨਗਰ ਦੇ ਪਿੰਡ ਚਿੱਟੀ ਪਹੁੰਚੀ ਸੀ, ਜਿਥੇ ਹੜ੍ਹ ਪ੍ਰਭਾਵਿਤ ਕਰੀਬ 8 ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਗਈ | ਇਸ ਮੌਕੇ ਅਦਾਰਾ 'ਅਜੀਤ' ਦੀ ਜਲੰਧਰ ਟੀਮ ਤੋਂ 'ਅਜੀਤ ਸਮਾਚਾਰ' ਦੇ ਨਿਊਜ਼ ਐਡੀਟਰ ਵਿਕਾਸ ਸਚਦੇਵਾ ਅਤੇ ਮੈਨੇਜਰ ਤੀਰਥ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਪਿੰਡ ਚਿੱਟੀ, ਨੌਰੰਗਪੁਰ, ਜੋਗਰ, ਨੌਸ਼ਹਿਰਾ, ਕਾਹਨਾ, ਠੱਠੀ, ਬਾਹਮਣੀ ਅਤੇ ਫਰੀਦਪੁਰ ਦੇ ਕਿਸਾਨ, ਜਿਨ੍ਹਾਂ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਨੂੰ ਹਾੜੀ ਦੀ ਬਿਜਾਈ ਲਈ ਕਣਕ ਦੇ ਬੀਜ ਮੁਹੱਈਆ ਕਰਵਾਏ ਗਏ | ਇਸ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਰੱਖੇ ਕੱਪੜੇ ਤੱਕ ਪਾਣੀ ਨਾਲ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ | ਇਸ ਮੌਕੇ ਇਕ ਗ਼ਰੀਬ ਪਰਿਵਾਰ ਜਿਸ ਦਾ ਘਰ ਹੜ੍ਹਾਂ ਕਾਰਨ ਢਹਿ ਗਿਆ ਸੀ, ਨੂੰ ਧੀ ਦੇ ਵਿਆਹ ਲਈ ਮਾਲੀ ਮਦਦ ਦਾ ਚੈੱਕ ਵੀ ਦਿੱਤਾ ਗਿਆ | ਇਸ ਮੌਕੇ ਮੌਜੂਦ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਚਾਰਕ ਅਮਰੀਕ ਸਿੰਘ ਚਿੱਟੀ ਨੇ ਸੰਬੋਧਨ ਕਰਦੇ ਹੋਏ ਅਦਾਰਾ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ 'ਅਜੀਤ' ਵਲੋਂ ਸ਼ੁਰੂ ਤੋਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਦੀ ਗੱਲ ਕੀਤੀ ਗਈ ਹੈ | ਬਿਨਾਂ ਕਿਸੇ ਡਰ ਤੋਂ ਨਿਰੋਲ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਿਆ ਗਿਆ ਹੈ, ਧਰਮ ਤੇ ਵਿਰਸਾ ਮੈਗਜ਼ੀਨ ਰਾਹੀਂ ਲੋਕਾਂ ਨੂੰ ਧਾਰਮਿਕ ਅਤੇ ਇਤਿਹਾਸਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ 'ਤੇ ਇਕਦਮ ਹੜ੍ਹਾਂ ਰੂਪੀ ਆਣ ਪਈ ਮੁਸੀਬਤ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਅਦਾਰਾ 'ਅਜੀਤ' ਵਲੋਂ ਹੜ੍ਹ ਰਾਹਤ ਫ਼ੰਡ ਇਕੱਠਾ ਕਰਕੇ ਜੋ ਸਿੱਧੀ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ, ਇਹ ਇਕ ਉੱਦਮੀ ਤੇ ਸ਼ਲਾਘਾਯੋਗ ਉਪਰਾਲਾ ਹੈ, ਜਿਸ ਲਈ ਉਹ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ | ਉਨ੍ਹਾਂ ਤੋਂ ਬਾਅਦ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਦੇ ਮੈਨੇਜਰ ਭਾਈ ਹਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਅਤੇ ਜਸਵਿੰਦਰ ਸਿੰਘ ਬਹਿਰਾਮਪੁਰ ਵਲੋਂ ਵੀ ਇਸ ਉਪਰਾਲੇ ਲਈ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਅਦਾਰੇ ਵਲੋਂ ਲੋਕਾਂ ਤੱਕ ਢੁੱਕਵੀਂ ਮਦਦ ਪਹੁੰਚਾਈ ਗਈ ਹੈ, ਕਿਉਂਕਿ ਫਸਲਾਂ ਦੇ ਖ਼ਰਾਬ ਹੋ ਜਾਣ ਕਰਕੇ ਅਤੇ ਘਰਾਂ ਵਿਚ ਪਈ ਕਣਕ ਪਾਣੀ ਨਾਲ ਖ਼ਰਾਬ ਹੋਣ ਕਾਰਨ ਕਿਸਾਨ ਹਾੜੀ ਦੀ ਫ਼ਸਲ ਦੀ ਬਿਜਾਈ ਲਈ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਾਰ ਰਹੇ ਸਨ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਲੋਕਾਂ ਦੀ ਮਦਦ ਲਈ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਇਸ ਉਪਰਾਲੇ ਨੇ ਲੋਕਾਂ ਦੀ ਵੱਡੀ ਸਮੱਸਿਆ ਨੂੰ ਹੱਲ ਕੀਤਾ ਹੈ | ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਸਰਪੰਚ ਕੁਲਵਿੰਦਰ ਸਿੰਘ ਚਿੱਟੀ ਅਤੇ ਉਨ੍ਹਾਂ ਦੇ ਪੁੱਤਰ ਤਰਨਵੀਰ ਸਿੰਘ ਦਾ ਵੱਡਾ ਸਹਿਯੋਗ ਰਿਹਾ | ਇਸ ਮੌਕੇ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਨਾਲ ਸੰਬੰਧਿਤ ਪੱਤਰਕਾਰ ਅਸ਼ੋਕ ਸ਼ਰਮਾ, ਪਰਮਜੀਤ ਸਿੰਘ ਘੁੰਮਣ, ਪੰਕਜ ਸ਼ਰਮਾ, ਬਲਬੀਰ ਸਿੰਘ ਕੋਲਾ, ਸੋਹਣ ਲਾਲ ਤਾਰਾਗੜ੍ਹ, ਵਿਸ਼ਾਲ ਮੁੰਨਾ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਸਾਬਕਾ ਸਰਪੰਚ ਕਰਤਾਰ ਸਿੰਘ ਸੱਦਾ, ਸਾਬਕਾ ਸਰਪੰਚ ਸਤਿਨਾਮ ਸਿੰਘ ਵਜੀਰਪੁਰ, ਸਤਨਾਮ ਸਿੰਘ ਸੰਤਨਗਰ, ਕਿਸਾਨ ਆਗੂ ਮੰਗਤ ਸਿੰਘ, ਸਾਬਕਾ ਥਾਣੇਦਾਰ ਨਰਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਰਹੇ | ਇਸ ਮੌਕੇ ਰਾਹਤ ਪ੍ਰਾਪਤ ਕਰਨ ਲਈ ਪਹੁੰਚੇ ਲੋੜਵੰਦਾਂ ਲਈ ਚਾਹ-ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ |

ਪਿਛਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੀ ਯਾਦ 'ਚ ਕਟਵਾਰਾ ਵਿਖੇ ਤਿੰਨ ਰੋਜ਼ਾ ਸਮਾਗਮ 28 ਤੋਂ-ਓਮਕਾਰ ਚੌਧਰੀ ਅਗਲੀ ਖ਼ਬਰ ਪਿੰਡ ਸੰਘਵਾਲ 'ਚ ਨੌਜਵਾਨ ਵਲੋਂ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।