ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਵਾ ਮੁਕਤ ਮੁੱਖ ਅਧਿਆਪਕ ਕੁਲਵਿੰਦਰ ਖਟਕੜ ਦੇ ਪਿਤਾ ਸਵ: ਬਾਪੂ ਦਾਸ ਰਾਮ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਖਟਕੜ ਕਲਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਹਾਲ ਵਿਖੇ ਵਿਲੱਖਣ ਢੰਗ ਨਾਲ ਕਰਵਾਇਆ ਗਿਆ | ਸਮੂਹ ਬੁਲਾਰਿਆਂ ਨੇ ਬਾਪੂ ਦਾਸ ਰਾਮ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁਲਵਿੰਦਰ ਖਟਕੜ ਨੂੰ ਆਮਦਨ ਦੇ ਸੀਮਤ ਸਾਧਨ ਹੋਣ ਦੇ ਬਾਵਜੂਦ ਚੰਗੀ ਸਿੱਖਿਆ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ | ਬੁਲਾਰਿਆਂ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਹੈ | ਬੱਚਿਆਂ ਨੂੰ ਮੋਬਾਈਲ ਫੋਨ ਨਾ ਦੇ ਕੇ ਉਨ੍ਹਾਂ ਦੇ ਹੱਥਾਂ ਵਿਚ ਕਿਤਾਬਾਂ ਫੜ੍ਹਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਬੁਲਾਰਿਆਂ 'ਚ ਸਤਪਾਲ ਸਲੋਹ, ਰਾਮ ਕਿ੍ਸ਼ਨ ਪੱਲੀ ਝਿੱਕੀ, ਬੂਟਾ ਸਿੰਘ ਮਹਿਮੂਦਪੁਰ, ਅਮੋਲਕ ਸਿੰਘ ਜ਼ਿਲ੍ਹਾ ਪ੍ਰਧਾਨ ਡੀ. ਟੀ. ਐਫ., ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨਵਾਂਸ਼ਹਿਰ, ਸੁਖਦੇਵ ਮਾਹੀ ਫਗਵਾੜਾ, ਕੁਲਵਿੰਦਰ ਕੁਲੇਵਾਲ ਸ਼ਾਮਲ ਸਨ | ਗਾਇਕ ਧਰਮਿੰਦਰ ਮਸਾਣੀ ਨੇ ਗੀਤ ਰਾਹੀਂ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਡਾਕਟਰ ਮੈਡਮ ਨੇ ਲੋਕਾਂ ਨੂੰ ਲੱਗਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਬੁਖਾਰ, ਨਜ਼ਲਾ ਜੁਕਾਮ ਤੇ ਦਸਤ, ਉਲਟੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਬਾਰੇ ਵਿਸਥਾਰ ਪੂਰਵਕ ਦੱਸਿਆ | ਕੁਲਵਿੰਦਰ ਖਟਕੜ ਤੇ ਸੁੱਚਾ ਸਿੰਘ ਖਟਕੜ ਨੇ ਆਏ ਹੋਏ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਸਟੇਜ ਦੀ ਕਾਰਵਾਈ ਮਾਸਟਰ ਜਗਦੀਸ਼ ਰਾਏਪੁਰ ਡੱਬਾ ਨੇ ਨਿਭਾਈ | ਅੰਤ 'ਚ ਆਏ ਹੋਏ ਲੋਕਾਂ ਨੂੰ ਫਲਦਾਰ ਬੂਟੇ ਵੰਡੇ ਗਏ |