ਰਾਹੋਂ, 23 ਅਕਤੂਬਰ (ਉਂਕਾਰ ਸਿੰਘ ਰਾਠੋਰ)- ਹੈਪੀ ਮਾਡਲ ਹਾਈ ਸਕੂਲ ਰਾਹੋਂ ਦੇ ਬੱਚਿਆਂ ਅਤੇ ਸਮੂਹ ਸਟਾਫ਼ ਨੇ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਪਿ੍ੰਸੀਪਲ ਮੈਡਮ ਰਣਜੀਤ ਕੌਰ ਨੇ ਦੱਸਿਆ ਕਿ ਦੀਵਾਲੀ ਬੁਰਾਈ 'ਤੇ ਅਛਾਈ ਦੀ ਜਿੱਤ ਦਾ ਤਿਉਹਾਰ ਹੈ | ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਬੱਚਿਆਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਮੁਕਾਬਲੇ ਕਰਵਾਏ ਗਏ | ਇਨ੍ਹਾਂ 'ਚ ਦੀਵੇ ਸਜਾਉਣ, ਰੰਗੋਲੀ ਬਣਾਉਣਾ ਸ਼ਾਮਲ ਸੀ | ਬੱਚਿਆਂ ਵਲੋਂ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਬੱਚਿਆਂ ਵੱਲੋਂ ਖੁਦ ਦੀਵੇ ਤਿਆਰ ਕਰਕੇ ਸਕੂਲ 'ਚ ਦੀਪ ਮਾਲਾ ਕੀਤੀ ਗਈ | ਵਿਦਿਆਰਥੀਆਂ ਦੁਆਰਾ ਦੀਵਿਆਂ ਨੂੰ ਸੁੰਦਰ ਸਜਾਇਆ ਗਿਆ ਅਤੇ ਰੰਗ ਬਿਰੰਗੇ ਕਾਰਡ ਬਣਾਏ ਗਏ | ਸਕੂਲ ਦੇ ਕਮਰਿਆਂ ਨੂੰ ਹੱਥ ਦੇ ਨਾਲ ਬਣਾਈਆਂ ਹੋਈਆਂ ਚੀਜ਼ਾਂ ਨਾਲ ਸਜਾਇਆ ਗਿਆ | ਇਸ ਮੌਕੇ ਸਾਰਿਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਅਤੇ ਐਮ. ਡੀ ਜਗੀਰ ਸਿੰਘ ਵੱਲੋਂ ਦੀਵਾਲੀ ਦੇ ਤਿਉਹਾਰ ਦੀਆਂ ਸਕੂਲ ਸਟਾਫ਼ ਅਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਨਰੇਸ਼ ਕੁਮਾਰੀ, ਪਰਮਜੀਤ, ਰਵਿੰਦਰ, ਸੋਨੀ, ਕੁਲਵਿੰਦਰ ਆਦਿ ਹਾਜ਼ਰ ਸਨ |