ਬੰਗਾ, 23 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀ. ਜ਼ੋਨ ਦੇ ਅੰਤਰ ਕਾਲਜ ਮੁਕਾਬਲੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਬੜੇ ਜੋਸ਼ਮਈ ਮਾਹੌਲ 'ਚ ਆਰੰਭ ਹੋਏ | ਪਹਿਲੇ ਦਿਨ ਹੋਣ ਵਾਲੇ ਮੁਕਾਬਲਿਆਂ ਵਿੱਚ ਪੱਛਮੀ ਸੰਗੀਤ, ਭੰਗੜਾ, ਲੋਕ ਪਹਿਰਾਵਾ, ਮਾਈਮ, ਮਿਮਿਕਰੀ, ਸਕਿੱਟ, ਨਾਟਕ ਅਤੇ ਲੋਕ ਨਾਚ, ਵਾਰ, ਕਵੀਸ਼ਰੀ, ਲੋਕ ਗੀਤ, ਗਜ਼ਲ, ਪੇਂਟਿੰਗ, ਕਾਰਟੂਨਿੰਗ, ਕੋਲਾਜ, ਰੰਗੋਲੀ, ਫੁਲਕਾਰੀ, ਕਲੇ-ਮਾਡਲਿੰਗ, ਪੋਸਟਰ, ਭਾਸ਼ਣ, ਕਵਿਤਾ ਅਤੇ ਪ੍ਰਸ਼ਨੋਤਰੀ ਆਦਿ ਮੁਕਾਬਲੇ ਸ਼ਾਮਲ ਸਨ | ਪ੍ਰਤੀਯੋਗੀ ਵਿਦਿਆਰਥੀਆਂ ਵਿੱਚ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ ਹੋਣ ਵਾਲੇ ਇਸ ਮੁਕਾਬਲੇ ਨੂੰ ਕਾਲਜ ਦੇ ਵਿਹੜੇ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਇਲਾਕੇ ਦੇ ਨੌਜਵਾਨਾਂ ਨੂੰ ਸੱਭਿਆਚਾਰ ਵੱਲ ਪ੍ਰੇਰਿਤ ਕੀਤਾ ਜਾ ਸਕੇ | ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਕਮਲਜੀਤ ਸਿੰਘ ਬਣਵੈਤ, ਸ਼੍ਰੋਮਣੀ ਪੱਤਰਕਾਰ ਪ੍ਰੋਫੈਸਰ ਪ੍ਰਮਿਲਾ ਪੰਜਾਬ ਯੂਨੀਵਰਸਿਟੀ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋਨ 'ਡੀ' ਦੇ ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਲਗਪਗ 15 ਕਾਲਜ ਭਾਗ ਲੈ ਰਹੇ ਹਨ | ਇਸ ਲਈ ਇਹ ਮੁਕਾਬਲਾ ਬਹੁਤ ਕੜਾ ਹੋ ਜਾਂਦਾ ਹੈ | ਉਹਨਾਂ ਦੱਸਿਆ ਕਿ ਲਗਾਤਾਰ ਚਾਰ ਵਾਰ ਇਸ ਟ੍ਰਾਫੀ 'ਤੇ ਕਾਬਜ਼ ਹੋਣ ਉਪਰੰਤ ਇਸ ਸਾਲ ਸਿੱਖ ਨੈਸ਼ਨਲ ਕਾਲਜ ਨੂੰ ਮੁਕਾਬਲੇ ਵਿੱਚ ਭਾਗ ਲੈਣ ਦੇ ਨਾਲ-ਨਾਲ ਯੂਥ ਫੈਸਟੀਵਲ ਦੀ ਮੇਜ਼ਬਾਨੀ ਕਰਨ ਦਾ ਵੀ ਮੌਕਾ ਹਾਸਿਲ ਹੋਇਆ ਹੈ, ਜੋ ਕਿ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਕਾਲਜ ਦੀ ਪ੍ਰਬੰਧਕੀ ਕਮੇਟੀ, ਸਟਾਫ ਅਤੇ ਵਿਦਿਆਰਥੀ ਇੱਕ ਟੀਮ ਬਣ ਕੇ ਪੂਰੀ ਤਨਦੇਹੀ ਨਾਲ ਇਸ ਫੈਸਟੀਵਲ ਵਿੱਚ ਆਪਣੀ-ਆਪਣੀ ਭੂਮਿਕਾ ਨਿਭਾ ਰਹੇ ਹਨ | ਕਾਲਜ ਦੇ ਡੀਨ, ਕਲਚਰਲ ਐਕਟੀਵਿਟੀਜ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਹੋਣ ਵਾਲੇ 25 ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਕਿਸਮਤ ਦਾ ਫੈਸਲਾ ਯੂਨੀਵਰਸਿਟੀ ਦੁਆਰਾ ਨਿਰਧਾਰਿਤ ਜੱਜ ਸਾਹਿਬਾਨ ਦੁਆਰਾ ਕੀਤਾ ਜਾ ਰਿਹਾ ਹੈ |