27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕੰਢੀ ਕਨਾਲ ਨਹਿਰ ਹੋ ਰਹੀ ਹੈ ਚਿੱਟਾ ਹਾਥੀ ਸਾਬਤ -ਰੋੜੀ

ਅਜੀਤ ਡੈਸਕ 24-10-2025
ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਸਰਕਾਰਾਂ ਵਲੋਂ ਕੀਤੀਆਂ ਗਈਆਂ ਅਣਗਹਿਲੀਆਂ ਕਾਰਨ ਹੁਣ ਤੱਕ ਵੀ ਕੰਢੀ ਖੇਤਰ ਦੇ ਗਰੀਬ ਲੋਕਾਂ ਲਈ ਕੰਢੀ ਕਨਾਲ ਨਹਿਰ ਚਿੱਟਾ ਹਾਥੀ ਸਾਬਤ ਹੋ ਰਹੀ ਹੈ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੋੜੀ ਨੇ ਕੰਡੀ ਕਨਾਲ ਨਹਿਰ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਤੇ ਕਾਬਜ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਬਿਆਨ ਜਾਰੀ ਕਰਦੇ ਹਨ ਕਿ ਪੰਜਾਬ ਦੀ ਚੱਪਾ-ਚੱਪਾ ਜਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ, ਪਰ ਵੱਡੇ ਅਫਸੋਸ ਦੀ ਗੱਲ ਹੈ ਕਿ ਕੰਢੀ ਦੇ ਗਰੀਬ ਇਲਾਕੇ ਲਈ ਹੁਣ ਤੱਕ ਵੀ ਕੰਢੀ ਕਨਾਲ ਨਹਿਰ ਦਾ ਪਾਣੀ ਨਸੀਬ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ 2006 ਤੋਂ ਗੜ੍ਹਸ਼ੰਕਰ-ਬਲਾਚੌਰ ਦੀ ਹੱਦ ਤੱਕ ਕੰਡੀ ਕਨਾਲ ਨਹਿਰ ਦਾ ਕੰਮ ਰੁਕਿਆ ਹੋਇਆ ਹੈ | ਜਿਸ ਸਬੰਧੀ ਲੋਕਾਂ ਵੱਲੋਂ ਕੰਢੀ ਸੰਘਰਸ਼ ਕਮੇਟੀ ਦੀ ਰਹਿਨੁਮਾਈ ਹੇਠ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਚਾਂਦਪੁਰ ਰੁੜਕੀ ਤੋਂ ਅੱਗੇ ਬੰਦ ਪਈ ਨਹਿਰ ਨੂੰ ਜਲਦੀ ਹੀ ਚਾਲੂ ਕਰਵਾਇਆ ਜਾ ਸਕੇ | ਪ੍ਰੰਤੂ ਹਾਲੇ ਤੱਕ ਸਿਰਫ ਨਿਰਾਸ਼ਾ ਤੋਂ ਸਿਵਾਏ ਕੁੱਝ ਵੀ ਪੱਲੇ ਨਹੀਂ ਪਿਆ | ਉਨ੍ਹਾਂ ਕਿਹਾ ਕਿ ਲਗਭਗ 8 ਮਹੀਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਚਾਂਦਪੁਰ ਰੁੜਕੀ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਪ੍ਰੋਜੈਕਟ ਛੇਤੀ ਹੀ ਚਾਲੂ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੰਢੀ ਦੇ ਲੋਕਾਂ ਨਾਲ ਪਹਿਲਾਂ ਹੀ ਵੱਡਾ ਧੱਕਾ ਹੋ ਗਿਆ ਹੈ ਕਿਉਂਕਿ ਇਹ ਨਹਿਰ ਜਿਹੜੀ ਕਿ ਪੁੱਟ ਕੇ ਸ਼ਿਵਾਲਕ ਦੀਆਂ ਪਹਾੜੀਆਂ ਨਾਲ ਨਾਲ ਕੱਢੀ ਜਾਣੀ ਸੀ ਪਰੰਤੂ ਉਸ ਨੂੰ ਜਮੀਨਦੋਜ ਪਾਈਪਾਂ ਵਿੱਚ ਬੰਦ ਕਰ ਦਿੱਤਾ ਗਿਆ | ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਹੁਣ ਤੱਕ ਵੀ ਕੰਢੀ ਦੇ ਲੋਕਾਂ ਨੂੰ ਇਸ ਦਾ ਪਾਣੀ ਨਸੀਬ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਇਸ ਨਹਿਰ ਨੂੰ ਚਾਲੂ ਕਰਕੇ ਕੰਢੀ ਦੇ ਗਰੀਬ ਲੋਕਾਂ ਨੂੰ ਇਹ ਸਹੂਲਤ ਨਾ ਦਿੱਤੀ ਗਈ ਤਾਂ ਕੰਢੀ ਸੰਘਰਸ਼ ਕਮੇਟੀ ਵੱਲੋਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਪੱਕਾ ਮੋਰਚਾ ਲਗਾਇਆ ਜਾਵੇਗਾ |
ਪਿਛਲੀ ਖ਼ਬਰ ਪ੍ਰਸ਼ਾਸਨ ਦੀਆਂ ਹਦਾਇਤਾਂ ਮਹਿਜ਼ ਇਕ ਖਾਨਾਪੂਰਤੀ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ 'ਚ ਜ਼ੋਨਲ ਯੂਥ ਫੈਸਟੀਵਲ ਦੇ ਪਹਿਲੇ ਦਿਨ ਭਰਪੂਰ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।