ਕਾਠਗੜ੍ਹ, 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਿਸੇ ਵੀ ਪੰਚਾਇਤ ਵਲੋਂ ਸ਼ੁਰੂ ਕੀਤਾ ਜਾਂਦਾ ਵਿਕਾਸ ਦਾ ਕੰਮ ਉਦੋਂ ਹੀ ਪੂਰਾ ਮੰਨਿਆ ਜਾਂਦਾ ਹੈ, ਜਦੋਂ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇ, ਪਰ ਜੇਕਰ ਕੰਮ ਅਧੂਰਾ ਰਹਿ ਜਾਵੇ ਤਾਂ ਉਸ ਬਾਰੇ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਉਂਦੇ ਰਹਿੰਦੇ ਹਨ, ਜਦਕਿ ਅਸਲ ਕਾਰਨ ਹੋਰ ਹੁੰਦਾ ਹੈ | ਇਸੇ ਤਰ੍ਹਾਂ ਦੀ ਹਾਲਤ ਪਿੰਡ ਹੈਡੋਂ ਬੇਟ ਵਿੱਚ ਸ਼ੁਰੂ ਕਰਵਾਏ ਗਏ ਗਲੀ ਦੇ ਕੰਮ ਦੀ ਹੈ | ਪਿੰਡ ਦੀ 1400 ਫੁੱਟ ਲੰਬਾਈ ਵਾਲੀ ਇਸ ਮੁੱਖ ਗਲੀ ਦੀ ਹਾਲਤ ਕਾਫ਼ੀ ਦੇਰ ਤੋਂ ਖਸਤਾ ਸੀ, ਜਿਸ ਨੂੰ ਕੰਕਰੀਟ ਦੀ ਬਣਾਉਣ ਦਾ ਕੰਮ ਬੀਤੀ ਬਰਸਾਤ ਦੌਰਾਨ ਪੰਚਾਇਤ ਵੱਲੋਂ ਸ਼ੁਰੂ ਕੀਤਾ ਗਿਆ ਸੀ | ਪੰਚਾਇਤ ਨੇ ਪਹਿਲਾਂ ਕਰੀਬ 700 ਫੁੱਟ ਲੰਬੀ ਗਲੀ ਨੂੰ ਪੱਕੀ ਕਰਨ ਲਈ ਗਟਕਾ ਆਦਿ ਪੁਆ ਦਿੱਤਾ ਸੀ, ਪਰ ਉਸ ਉੱਤੇ ਕੰਕਰੀਟ ਨਾ ਪਾਏ ਜਾਣ ਕਾਰਨ ਗਲੀ ਦਾ ਕੰਮ ਅੱਧ ਵਿਚਾਲੇ ਹੀ ਲਟਕ ਗਿਆ | ਕੰਕਰੀਟ ਨਾ ਪਾਏ ਜਾਣ ਕਰਕੇ ਪਾਇਆ ਗਿਆ ਗਟਕਾ ਅਤੇ ਸਾਈਡਾਂ 'ਤੇ ਇੱਟਾਂ ਦੀ ਲਗਾਈ ਗਈ ਰੋਕ ਉੱਖੜਨੇ ਸ਼ੁਰੂ ਹੋ ਗਏ, ਜਿਸ ਨਾਲ ਗਲੀ ਵਿਚੋਂ ਲੋਕਾਂ ਦਾ ਆਉਣਾ-ਜਾਣਾ ਹੋਰ ਵੀ ਮੁਸ਼ਕਿਲ ਹੋ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਖਸਤਾ ਹਾਲ ਗਲੀ ਨੂੰ ਬਣਾਉਣ ਦਾ ਕੰਮ ਬੜੀ ਮੁਸ਼ਕਿਲ ਨਾਲ ਸ਼ੁਰੂ ਹੋਇਆ ਸੀ, ਜੋ ਅਧੂਰਾ ਹੀ ਛੱਡ ਦਿੱਤਾ ਗਿਆ ਹੈ | ਪਿੰਡ ਵਾਸੀਆਂ ਨੇ ਪੰਚਾਇਤ ਤੋਂ ਮੰਗ ਕੀਤੀ ਕਿ ਗਲੀ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਵਾਇਆ ਜਾਵੇ | ਪਿੰਡ ਹੈਡੋਂ ਬੇਟ ਵਿੱਚ ਗਲੀ ਦੇ ਅਧੂਰੇ ਪਏ ਕੰਮ ਸਬੰਧੀ ਜਦੋਂ ਪਿੰਡ ਦੇ ਸਰਪੰਚ ਦਾਰਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਗਲੀ ਨੂੰ ਬਣਾਏ ਜਾਣ ਦਾ ਕੁੱਲ ਐਸਟੀਮੇਟ 10 ਲੱਖ ਰੁਪਏ ਦਾ ਹੈ,ਪਰ ਗਲੀ ਬਣਾਉਣ ਲਈ ਸ਼ੁਰੂ ਕੀਤੇ ਗਏ ਕੰਮ ਦੌਰਾਨ ਜੋ ਗਟਕਾ ਆਦਿ ਪਾਇਆ ਗਿਆ ਹੈ ਉਹ ਸਰਕਾਰੀ ਤੌਰ 'ਤੇ ਆਇਆ ਹੈ | ਜਦਕਿ ਸੀਮਿੰਟ ਅਤੇ ਲੇਬਰ ਦਾ ਲਗਭਗ 3 ਲੱਖ ਰੁਪਏ ਉਨ੍ਹਾਂ ਨੇ ਆਪਣੇ ਕੋਲੋਂ ਖ਼ਰਚਿਆ ਹੈ | ਉਹਨਾਂ ਕਿਹਾ ਕਿ ਜਿਵੇਂ ਹੀ ਗਰਾਂਟ ਆਵੇਗੀ ਤਾਂ ਤੁਰੰਤ ਗਲੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |