ਮੁਕੰਦਪੁਰ, 4 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪੰਜਾਬ ਦੀਆਂ ਪੁਰਾਣੀਆਂ ਸਾਹਿਤਕ ਸਭਾਵਾਂ 'ਚ ਸ਼ੁਮਾਰ 'ਲਿਖਾਰੀ ਸਭਾ ਜਗਤਪੁਰ' ਵਲੋਂ ਮਾਨ ਸਿੰਘ ਭੱਚੂ ਕਮਿਊਨਿਟੀ ਹਾਲ ਤਲਵੰਡੀ ਫੱਤੂ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਵਿਸ਼ਵ ਪ੍ਰਸਿੱਧ ਸਹਿਤਕਾਰ ਤੇ ਵਿਗਿਆਨਕ ਮਹਿੰਦਰ ਸਿੰਘ ਦੋਸਾਂਝ ਦੀ ਸਰਪ੍ਰਸਤ ਲਿਖਾਰੀ ਸਭਾ ਦੀ ਅਗਵਾਈ 'ਚ ਸਭਾ ਦੀ ਪੁਨਰਗਠਿਤ ਨਵੀਂ ਨੌਜਵਾਨ ਟੀਮ ਵਲੋਂ ਕਰਵਾਇਆ ਗਿਆ | ਸਮਾਗ਼ਮ ਦੇ ਪ੍ਰਧਾਨਗੀ ਮੰਡਲ 'ਚ ਮਹਿੰਦਰ ਸਿੰਘ ਦੋਸਾਂਝ, ਗੁਰਦੀਪ ਸਿੰਘ ਮੁਕੱਦਮ, ਗੁਰਦੀਪ ਸਿੰਘ ਸੈਣੀ ਤੇ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਪੁਰੇਵਾਲ ਬਿਰਾਜਮਾਨ ਹੋਏ | ਆਏ ਹੋਏ ਮਹਿਮਾਨਾਂ ਦਾ ਸਵਾਗਤ ਸਭਾ ਦੇ ਉੱਪ ਪ੍ਰਧਾਨ ਦੀਪ ਜਗਤਪੁਰੀ ਨੇ ਕੀਤਾ ਅਤੇ ਅਖੀਰ 'ਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਕਬਾਲ ਸਿੰਘ ਨੇ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਸਕੱਤਰ ਨੂਰਕਮਲ ਨੇ ਬਾਖੂਬੀ ਨਿਭਾਈ | ਇਸ ਸਮਾਗ਼ਮ 'ਚ ਸਭਾ ਦੇ ਮੈਂਬਰ ਸ: ਇਕਬਾਲ ਸਿੰਘ ਦੇ ਕਹਾਣੀ ਸੰਗ੍ਰਹਿ 'ਤ੍ਰਾਹ ਤ੍ਰਾਹ ਜਾਨ' 'ਤੇ ਇਕ ਵਿਚਾਰ ਚਰਚਾ ਕਰਵਾਈ ਗਈ | ਜਿਸ ਵਿਚ ਗੁਰਦੀਪ ਸਿੰਘ ਮੁਕੱਦਮ ਤੇ ਦੀਪ ਸ਼ੇਰਗਿੱਲ ਵਲੋਂ ਕਿਤਾਬ 'ਤੇ ਪਰਚੇ ਪੜ੍ਹੇ ਗਏ | ਸਮਾਗ਼ਮ ਵਿੱਚ ਆਏ ਹੋਏ ਸਾਰੇ ਹੀ ਬੁੱਧੀਜੀਵੀਆਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਦੌਰਾਨ ਹਾਜ਼ਰ ਕਵੀਆਂ ਦਾ ਇੱਕ ਕਵੀ ਦਰਬਾਰ ਕਰਾਇਆ ਗਿਆ ਜਿਸ ਦੀ ਸ਼ੁਰੂਆਤ 7 ਸਾਲ ਦੀ ਇੱਕ ਹੋਣਹਾਰ ਛੋਟੀ ਬੱਚੀ ਗੀਤਾਂਸ਼ੀ ਸਿੰਘ ਵਲੋਂ ਕੀਤੀ ਗਈ | ਇਲਾਕੇ ਦੇ ਬਹੁਤ ਸਾਰੇ ਨੌਜਵਾਨ ਅਤੇ ਪੁਰਾਣੇ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਸਮਾਗ਼ਮ ਦੀ ਰੌਣਕ ਵਧਾਈ | ਸਭਾ ਵਲੋਂ ਆਏ ਹੋਏ ਸਾਰੇ ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿੱਚ ਪ੍ਰਸਿੱਧ ਨਾਵਲਕਾਰ ਗੁਰਨਾਮ ਬਾਵਾ, ਜਸਵੰਤ ਖਟਕੜ, ਸ਼ਿੰਗਾਰਾ ਲੰਗੇਰੀ, ਇੰਦਰ ਸਿੰਮਕ, ਰਾਕੇਸ਼ ਸੁੰਮਨ, ਲਖਵੀਰ ਫਗਵਾੜਾ, ਅਮਿ੍ਤ ਝਿੰਗੜਾਂ, ਪ੍ਰੋ. ਕੁਲਵਿੰਦਰ ਸਿੰਘ, ਡਾ. ਬਲਵੀਰ ਕੌਰ ਰੀਹਲ, ਡਾ. ਦਲਜੀਤ ਸਿੰਘ, ਪੰਚ ਅਮਰਜੀਤ ਕੌਰ, ਦਲਜੀਤ ਸਹਿਜਲ ਲਾਲੀ, ਧਰਮਿੰਦਰ ਮਸਾਣੀ, ਬਸੰਤ ਕੁਮਾਰ ਸ਼ਾਇਦ ਆਏ ਹੋਏ ਮਹਿਮਾਨ ਕਵੀਆਂ 'ਚ ਸ਼ਾਮਲ ਸਨ | ਬੇਸ਼ੱਕ ਇਹ ਸਮਾਗ਼ਮ 'ਲਿਖਾਰੀ ਸਭਾ ਜਗਤਪੁਰ' ਦੀ ਨਵੀਂ ਟੀਮ ਦਾ ਪਹਿਲਾ ਸਮਾਗ਼ਮ ਸੀ ਪਰ ਸਭਾ ਦੇ ਨਵੇਂ ਅਹੁਦੇਦਾਰਾਂ ਸ: ਹਰਜਿੰਦਰ ਸਿੰਘ ਪੁਰੇਵਾਲ ਦੀਪ ਜਗਤਪੁਰੀ, ਨੂਰਕਮਲ, ਦੀਪ ਸ਼ੇਰਗਿੱਲ, ਜਸਵਿੰਦਰ ਭਟੋਆ, ਮਨਦੀਪ ਮਨਸੂਹਾ, ਗੁਰਪ੍ਰੀਤ ਸਾਧਪੁਰੀ ਅਤੇ ਇਕਬਾਲ ਸਿੰਘ, ਮਨਜੀਤ ਸਿੰਘ ਦੋਸਾਂਝ, ਲੇਖ ਰਾਜ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਮਿਹਨਤ, ਲਗਨ ਅਤੇ ਇਕਜੁੱਟਤਾ ਅਤੇ ਟੀਮ ਵਰਕ ਨੇ ਸਭਾ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ | ਪ੍ਰਸਿੱਧ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਨਵੀਂ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ | ਇਸ ਸਮਾਗ਼ਮ 'ਚ ਆਪਣੇ ਭਾਸ਼ਣ ਦੌਰਾਨ ਪਿੰਡ ਤਲਵੰਡੀ ਫੱਤੂ ਦੇ ਸਰਪੰਚ ਹਰਮਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਨਵੀਂ ਟੀਮ ਦੀ ਭਰਪੂਰ ਹੌਸਲਾ ਅਫ਼ਜ਼ਾਈ ਕੀਤੀ | ਇਸ 'ਚ ਮਾਨ ਸਿੰਘ ਭੱਚੂ ਕਮਿਊਨਿਟੀ ਹਾਲ ਦੇ ਕਮਲਜੀਤ ਕੌਰ ਭੱਚੂ ਦਾ ਵੀ ਸਹਿਯੋਗ ਰਿਹਾ | ਇਸ ਸਮਾਗਮ ਦੌਰਾਨ ਪਿੰਡ ਜਗਤਪੁਰ ਦੇ ਸਰਪੰਚ ਗੋਦਾਵਰ ਸ਼ੌਂਕੀ ਨੇ ਵੀ ਨਵੀਂ ਬਣੀ ਇਸ ਟੀਮ ਦੀ ਹੌਸਲਾ ਅਫ਼ਜ਼ਾਈ ਕੀਤੀ |