ਮੰਡੀ ਗੋਬਿੰਦਗੜ੍ਹ, 4 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਕਲਾਸ 9ਵੀਂ ਦੇ ਵਿਦਿਆਰਥੀਆਂ ਲਈ ਸਾਵਧਾਨੀ ਜਾਗਰੂਕਤਾ ਹਫ਼ਤੇ ਦੇ ਸੰਬੰਧ ਵਿਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੀਮਾ ਵਿਸ਼ਿਸ਼ਟ ਤੇ ਸੁਮਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੱਚਾਈ, ਨੈਤਿਕਤਾ ਅਤੇ ਇਮਾਨਦਾਰੀ ਦੇ ਮੁੱਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸੈਮੀਨਾਰ ਦੀ ਸ਼ੁਰੂਆਤ ਪ੍ਰੇਰਕ ਕਹਾਵਤ ਨਾਲ ਕੀਤੀ ਗਈ 'ਇਮਾਨਦਾਰੀ ਉਹ ਗੁਣ ਹੈ ਜੋ ਕਿਸੇ ਸਮਾਜ ਨੂੰ ਮਜ਼ਬੂਤ ਬਣਾਉਂਦਾ ਹੈ' | ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਸਾਵਧਾਨੀ ਅਤੇ ਇਮਾਨਦਾਰੀ ਦੇ ਸਿਧਾਂਤਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਅਪਣਾ ਕੇ ਭਿ੍ਸ਼ਟਾਚਾਰ ਰਹਿਤ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ | ਸੀਮਾ ਨੇ ਵਿਦਿਆਰਥੀਆਂ ਨੂੰ ਉਦਾਹਰਨਾਂ ਰਾਹੀਂ ਸਮਝਾਇਆ ਕਿ ਛੋਟੀਆਂ ਗ਼ਲਤੀਆਂ 'ਤੇ ਸਾਵਧਾਨ ਰਹਿਣਾ ਵੱਡੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ | ਸੁਮਨ ਨੇ ਭਿ੍ਸ਼ਟਾਚਾਰ ਦੇ ਵੱਖ-ਵੱਖ ਰੂਪਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਅਤੇ ਭਿ੍ਸ਼ਟਾਚਾਰ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਵਚਨ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੂੰ 'ਸਾਵਧਾਨ ਨਾਗਰਿਕ ਮਜ਼ਬੂਤ ਦੇਸ਼ ਦੇ' ਸੰਦਰਭ ਵਿਚ ਸੋਚਣ ਲਈ ਪ੍ਰੇਰਿਤ ਕੀਤਾ ਗਿਆ | ਇਸ ਪ੍ਰਕਾਰ ਦੇ ਸੈਮੀਨਾਰ ਵਿਦਿਆਰਥੀਆਂ ਵਿਚ ਨੈਤਿਕ ਮੁੱਲਾਂ ਦੀ ਪਾਲਨਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੇ ਗੁਣਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ |