ਔੜ/ਝਿੰਗੜਾਂ, 6 ਨਵੰਬਰ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਤੋਂ ਗੁਣਾਚੌਰ ਨੂੰ ਜਾਣ ਵਾਲੀ ਸੜਕ ਨੂੰ ਸਰਕਾਰ ਵਲੋਂ ਕੁਝ ਮਹੀਨੇ ਪਹਿਲਾਂ ਬਣਾਇਆ ਗਿਆ ਸੀ ਜੋ ਸੜਕ ਬਣਨ ਤੋਂ ਕੁਝ ਸਮੇਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ | ਜਿਸ ਦਾ ਹੁਣ ਵੱਡੇ-ਵੱਡੇ ਟੋਇਆਂ ਨਾਲ ਬਹੁਤ ਮੰਦੜਾ ਹਾਲ ਹੋਇਆ ਪਿਆ ਹੈ | ਇਨ੍ਹਾਂ ਟੋਇਆਂ ਵਿੱਚ ਰਾਹਗੀਰ ਰੋਜ਼ਾਨਾ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਸਬੰਧੀ ਰਾਹਗੀਰ ਅਤੇ ਪਿੰਡ ਵਾਸੀ ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਸੁੱਚਾ ਸਿੰਘ ਝਿੰਗੜ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ ਪੱਪੂ, ਨਿਰਮਲ ਸਿੰਘ ਢੰਡਾ, ਸ਼ਮਸ਼ੇਰ ਸਿੰਘ ਜੈਕਸਨ, ਜਸਪਾਲ ਸਿੰਘ ਢਿੱਲੋਂ, ਸੁਰਜੀਤ ਸਿੰਘ ਪੱਪੂ,ਅਸ਼ੋਕ ਕੁਮਾਰ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਕੁਝ ਸਮਾਂ ਪਹਿਲਾਂ ਹੀ ਬਣੀ ਸੀ ਤੇ ਇਸ ਸੜਕ 'ਚ ਪਏ ਡੂੰਘੇ ਤੇ ਲੰਬੇ-ਲੰਬੇ ਟੋਇਆਂ ਵਿਚ ਆਏ ਦਿਨ ਰਾਹਗੀਰ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਉਥੇ ਬਰਸਾਤਾਂ ਵਾਲੇ ਦਿਨਾਂ 'ਚ ਇਹ ਡੂੰਘੇ ਟੋਏ ਪਾਣੀ ਨਾਲ ਭਰ ਕੇ ਜਾਂਦੇ ਹਨ ਜਿਸ ਅਣਜਾਣ ਰਾਹਗੀਰ ਹੋਰ ਵੀ ਜ਼ਿਆਦਾ ਹਾਦਸੇ ਦਾ ਸ਼ਿਕਾਰ ਹੁੰਦੇ ਹਨ | ਉਨ੍ਹਾਂ ਆਖਿਆ ਕਿ ਦੂਰ ਦੁਰੇਡੇ ਤੋਂ ਲੋਕ ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਮਜਾਰਾ ਨੌ ਆਬਾਦ, ਗੁਰਦੁਆਰਾ ਪੰਜ ਤੀਰਥ ਸਾਹਿਬ ਲੜੋਆ ਧਾਰਮਿਕ ਅਸਥਾਨਾਂ 'ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਹਰ ਰੋਜ਼ ਇਸ ਸੜਕ ਰਾਹੀਂ ਆਉਂਦੀਆਂ ਹਨ | ਅਣਜਾਣ ਰਾਹਗੀਰ ਇਨ੍ਹਾਂ ਟੋਇਆਂ ਵਿੱਚ ਡਿੱਗ ਕੇ ਸੱਟਾਂ ਲਗਵਾ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਣੀ ਸੜਕ ਦੀ ਜਾਂਚ ਕਰਕੇ ਇਸ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀਰ ਹਾਦਸਿਆਂ ਤੋਂ ਬਚ ਸਕਣ |
ਕੁਝ ਸਮਾਂ ਪਹਿਲਾ ਬਣੀ ਝਿੰਗੜਾਂ ਤੋਂ ਗੁਣਾਚੌਰ ਨੂੰ ਜਾਣ ਵਾਲੀ ਸੜਕ 'ਚ ਪਏ ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ
ਅਜੀਤ ਡੈਸਕ
07-11-2025