ਬਲਾਚੌਰ/ਮਜਾਰੀ ਸਾਹਿਬਾ, 6 ਨਵੰਬਰ (ਨਰੇਸ਼ ਧੌਲ, ਨਿਰਮਲਜੀਤ ਸਿੰਘ ਚਾਹਲ)-ਪੰਜਾਬੀ ਸਾਹਿਤ ਸਭਾ ਬਲਾਚੌਰ ਵਲੋਂ ਆਪਣੇ 49ਵੇਂ ਸਲਾਨਾ ਸਾਹਿਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਸਭਾ ਦੀ ਐਗਜ਼ੈਕਟਿਵ ਮੈਂਬਰਾਂ ਦੀ ਮੀਟਿੰਗ ਭਗਵੰਤ ਕਰਮ ਸਿੰਘ ਸ਼ੇਤਰਾ ਖੇਤੀਬਾੜੀ ਫ਼ਾਰਮ ਕੌਲਗੜ੍ਹ ਦੇ ਬੀ.ਕੇ ਫ਼ਾਰਮ ਹਾਊਸ ਵਿਖੇ ਗੁਰਨੇਕ ਸਿੰਘ ਸ਼ੇਰ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ ਵਿਚ ਸਭਾ ਦੇ ਸੀਨੀਅਰ ਮੈਂਬਰਾਂ ਦੀਆਂ ਪ੍ਰਬੰਧਾਂ ਸਬੰਧੀ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ | ਇਸ ਮੌਕੇ ਉਹਨਾਂ ਦੱਸਿਆ ਕਿ 9 ਨਵੰਬਰ 2025 ਨੂੰ ਸਭਾ ਆਪਣੀ 49ਵੀਂ ਵਰ੍ਹੇਗੰਢ ਮੌਕੇ 1986 ਤੋਂ ਸਭਾ ਵਲੋਂ ਸਥਾਪਤ 'ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ' ਇਸ ਵਾਰ ਬੇਬਾਕ ਬੁਲਾਰੇ ਅਤੇ ਪ੍ਰਸਿੱਧ ਪੱਤਰਕਾਰ ਸ. ਹਮੀਰ ਸਿੰਘ ਚੰਡੀਗੜ੍ਹ ਨੂੰ ਭੇਟ ਕੀਤਾ ਜਾ ਰਿਹਾ ਹੈ | ਸਾਹਿਤ ਸਭਾ ਨੇ 1984 ਵਿੱਚ ਹਮਦਰਦ ਜੀ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਉਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਹਿੱਤ ਇਲਾਕਾ ਬਲਾਚੌਰ ਵਲੋਂ ਅਕੀਦਤ ਭੇਟ ਕਰਨ ਹਿੱਤ ਇਹ ਪੁਰਸਕਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਕਲਮਕਾਰ ਪੱਤਰਕਾਰ ਨੂੰ ਭੇਟ ਕੀਤੇ ਜਾਣ ਦਾ ਫ਼ੈਸਲਾ ਲਿਆ ਸੀ | ਵਰਨਣਯੋਗ ਹੈ ਕਿ 1986 'ਚ ਇਹ ਪੁਰਸਕਾਰ ਨਾਮਵਰ ਕਲਮਕਾਰ, ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਭੇਟ ਕੀਤੇ ਜਾਣ ਤੋਂ ਸ਼ੁਰੂ ਕਰਕੇ ਇਹ ਪੁਰਸਕਾਰ ਹੁਣ ਤੱਕ ਕੁਲਦੀਪ ਨਈਅਰ, ਮਹੀਪ ਸਿੰਘ, ਸੰਤ ਸਿੰਘ ਸੇਖੋਂ, ਪਿਆਰਾ ਸਿੰਘ ਭੋਗਲ, ਜਗਜੀਤ ਸਿੰਘ ਅਨੰਦ, ਬਾਬਾ ਗੁਰਬਖ਼ਸ਼ ਸਿੰਘ ਬੰਨੋਆਣਾ, ਸਤਨਾਮ ਸਿੰਘ ਮਾਣਕ, ਹਰਭਜਨ ਹਲਵਾਰਵੀ, ਨਿਰੰਜਨ ਤਸਨੀਮ ਅਤੇ ਸਾਹਿਤ ਸੰਜੀਵਨੀ ਦੇ ਲੇਖਕ ਜੰਗ ਬਹਾਦਰ ਆਦਿ ਨਾਮੀ ਲੇਖਕਾਂ ਪੱਤਰਕਾਰਾਂ ਸਮੇਤ ਦੂਸਰੇ ਨਾਮਵਰ ਪੱਤਰਕਾਰਾਂ ਨੂੰ ਭੇਟ ਕੀਤਾ ਜਾ ਚੁਕਿਆ ਹੈ | ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲਿਆਂ ਨੇ ਦੱਸਿਆ ਕਿ ਇਸ ਵਾਰ ਦਾ ਇਹ ਪੁਰਸਕਾਰ ਜਿਸ ਵਿਚ 21000 ਰੁਪਏ ਦੀ ਨਕਦੀ, ਮਾਣ ਪੱਤਰ, ਯਾਦਗਾਰੀ ਚਿੰਨ੍ਹ, ਸ਼ਾਨਦਾਰ ਲੋਈ ਅਤੇ ਸਮੂਹ ਪੰਜਾਬੀਆਂ ਦੀਆਂ ਖ਼ੁਸ਼ਹਾਲ ਜੀਵਨ ਜੀਉਣ ਦੀਆਂ ਸੱਧਰਾਂ, ਇੱਛਾਵਾਂ ਅਤੇ ਸਤਿਕਾਰ ਭਰੀਆਂ ਸ਼ੁੱਭ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ | ਉਹਨਾਂ ਦੱਸਿਆ ਕਿ ਸ. ਹਮੀਰ ਸਿੰਘ ਬਾਰੇ ਪਿ੍ੰਸੀਪਲ ਗੁਰਮੀਤ ਪਲਾਹੀ ਫਗਵਾੜਾ ਆਪਣਾ ਖ਼ੋਜ ਪੱਤਰ 'ਲੋਕਾਂ ਦਾ ਜਾਇਆ ਹਮੀਰ ਸਿੰਘ' ਪੇਸ਼ ਕਰਨਗੇ | ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਅਤੇ ਪੱਤਰਕਾਰ ਸ. ਸਰਬਜੀਤ ਸਿੰਘ ਧਾਲੀਵਾਲ ਸਾਬਕਾ ਬਿਊਰੋ ਚੀਫ਼ ਦੀ ਟਿ੍ਬਿਊਨ ਗਰੁੱਪ ਚੰਡੀਗੜ੍ਹ ਅਤੇ ਡਾ. ਗੁਰਸ਼ਰਨ ਸਿੰਘ ਰੰਧਾਵਾ ਸੇਵਾ ਮੁਕਤ ਵਾਇਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕਰਤਾ 'ਮੁਹੱਬਤ ਦੇ ਦੋ ਖ਼ਤ' ਕਰਨਗੇ | ਮੁੱਖ ਸਮਾਗਮ ਤੋਂ ਪਹਿਲਾਂ ਸਵੇਰੇ ਦਸ ਵਜੇ ਹੋਣ ਵਾਲੇ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਵਾਸੀ ਲੇਖਕ ਚਿੰਤਕ ਬਲਵੀਰ ਸਿੰਘ ਚੰਗਿਆੜਾ ਅਤੇ ਹਰਜਿੰਦਰ ਗੁਲਪੁਰ ਅਸਟ੍ਰੇਲੀਆ ਕਰਨਗੇ | ਇਸ ਕਵੀ ਦਰਬਾਰ ਦਾ ਮੰਚ ਸੰਚਾਲਨ ਹਰਦੀਪ ਸਿੰਘ ਕਲਮ ਗਹੂੰਣ ਅਤੇ ਸਨਮਾਨ ਸਮਾਰੋਹ ਵਾਲ਼ੇ ਸਮਾਗਮ ਦਾ ਮੰਚ ਸੰਚਾਲਨ ਪ੍ਰਸਿੱਧ ਲੇਖਕ ਲੈਕਚਰਾਰ ਅਮਰੀਕ ਸਿੰਘ ਦਿਆਲ ਕਰਨਗੇ | ਅੱਜ ਦੀ ਮੀਟਿੰਗ ਵਿੱਚ ਦੀਦਾਰ ਸਿੰਘ ਸ਼ੇਤਰਾ, ਹਰਜਿੰਦਰ ਗੁੱਲਪੁਰ, ਪਰਮਜੀਤ ਦੇਹਲ, ਨਰੇਸ਼ ਧੌਲ, ਮਾਸਟਰ ਮਨਜੀਤ ਸਿੰਘ ਬਲਾਚੌਰ, ਚੰਦਰ ਸ਼ੇਖਰ ਬਲਾਚੌਰ, ਬਿਕਰਮ ਸਿੰਘ ਕੰਵਲ ਭੰਨੰੂ, ਪ੍ਰੇਮ ਰੱਕੜ, ਹਰਦੀਪ ਸਿੰਘ ਕਲਮ ਗਹੂੰਣ, ਹਰਭਜਨ ਸਿੰਘ ਹੀਰ, ਹਰਕੰਵਲ ਸਿੰਘ ਕੌਲਗੜ੍ਹ, ਗੁਰਪ੍ਰੀਤ ਸਿੰਘ ਸ਼ੇਤਰਾ, ਬਲਵੰਤ ਸਿੰਘ ਬੈਂਸ ਆਦਿ ਮੈਂਬਰ ਹਾਜ਼ਰ ਸਨ |
ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ ਪ੍ਰੋਗਰਾਮ ਸੰਬੰਧੀ ਤਿਆਰੀਆਂ ਮੁਕੰਮਲ <br/>
ਅਜੀਤ ਡੈਸਕ
07-11-2025