03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ

ਅਜੀਤ ਡੈਸਕ 20-10-2025

ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦੇ ਅਧਿਐਨ ਤੋਂ ਇਹ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਕ੍ਰਿਸਟੋਫਰ ਕੋਲੰਬਸ ਨੇ ਜਿਸ ਸਮੁੰਦਰੀ ਜਹਾਜ਼ 'ਸੈਂਟਾਮੈਰੀਆ' ਵਿਚ ਦੂਰ ਤੱਕ ਸਮੁੰਦਰੀ ਯਾਤਰਾ ਕਰਕੇ ਆਖਰ ਅਮਰੀਕਾ ਦੀ ਖੋਜ ਕੀਤੀ, ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਜਿਸ ਬਾਟੇ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕ ਕੇ ਖਾਲਸੇ ਦੀ ਸਿਰਜਣਾ ਕੀਤੀ, ਜਿਸ ਤਲਵਾਰ ਦੀ ਸ਼ਕਤੀ ਨਾਲ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਜਬਰ ਵਿਰੁੱਧ ਜੰਗ ਲੜੇ, ਮਰਹੱਟਾ ਸਰਦਾਰ ਸ਼ਿਵਾ ਜੀ ਨੇ ਜਿਸ ਤਲਵਾਰ ਤੇ ਢਾਲ ਦੀ ਵਰਤੋਂ ਨਾਲ ਮੁਗਲਾਂ ਨਾਲ ਦੋ ਹੱਥ ਕਰਕੇ ਮਰਾਠਾ ਰਾਜ ਦੀ ਸਥਾਪਨਾ ਕੀਤੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਤਲਵਾਰਾਂ ਅਤੇ ਤੋਪਾਂ ਦੀ ਵਰਤੋਂ ਨਾਲ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖੀ, ਜਿਸ ਰਾਕੇਟ-ਲਾਂਚਰ ਰਾਹੀਂ ਮਨੁੱਖ ਨੇ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਕੇ ਉਥੋਂ ਦੀ ਧਰਤੀ ਨੂੰ ਛੁਹਿਆ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਜਿਸ ਮਹਾਨ ਦੇਵਤੇ ਦੀ ਦੇਣ ਹੈ, ਉਹ ਹਨ ਬਾਬਾ ਵਿਸ਼ਵਕਰਮਾ ਜੀ, ਜਿਨ੍ਹਾਂ ਨੂੰ 'ਕਿਰਤ ਦਾ ਦੇਵਤਾ' ਆਖਿਆ ਜਾਂਦਾ ਹੈ।
ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲ੍ਹਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ।
ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਵਿਚ ਵੀ ਬਾਬਾ ਵਿਸ਼ਵਕਰਮਾ ਦਾ ਜ਼ਿਕਰ ਮਿਲਦਾ ਹੈ। ਬਾਬਾ ਵਿਸ਼ਵਕਰਮਾ ਨੂੰ ਇੰਜੀਨੀਅਰਿੰਗ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਮਹਾਂਭਾਰਤ ਅਤੇ ਪੁਰਾਣਾਂ ਵਿਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ। ਇਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਵਿਚ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਦਾ ਜ਼ਿਕਰ ਹੈ।
ਜੇ ਅੱਜ ਦੇ ਨੌਜਵਾਨ ਬਾਬਾ ਵਿਸ਼ਵਕਰਮਾ ਜੀ ਦੀ ਦਰਸਾਈ ਦਸਤਕਾਰੀ ਦੀ ਕਲਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰ ਲੈਣ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਸਕਦੀ ਹੈ। ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੁੰਦਾ ਹੈ, ਦੇ ਸ਼ੁੱਭ ਅਵਸਰ 'ਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ। ਆਓ! ਇਸ ਸ਼ੁੱਭ ਦਿਹਾੜੇ 'ਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ।

-ਪ੍ਰਿੰਸੀਪਲ, ਦਸਮੇਸ਼ ਸੀ: ਸੈ: ਸਕੂਲ, ਦਸਮੇਸ਼ ਨਗਰ, ਲੁਧਿਆਣਾ। ਮੋਬਾ: 98722-07166

ਪਿਛਲੀ ਖ਼ਬਰ ਸਾਂਝੀਵਾਲਤਾ ਦਾ ਪੈਗ਼ਾਮ ਅਗਲੀ ਖ਼ਬਰ ਦੀਵਾਲੀ : ਹਨੇਰੇ ਮਨਾਂ ਨੂੰ ਰੌਸ਼ਨ ਕਰੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।