ਸੰਘੋਲ, 16 ਜੂਨ (ਪਰਮਵੀਰ ਸਿੰਘ ਧਨੋਆ)-ਸੜਕ ਦੁਆਲੇ ਆਵਾਜਾਈ ਲਈ ਅੜਿੱਕਾ ਬਣ ਰਹੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਸੰਬੰਧੀ ਪ੍ਰਧਾਨ ਮੁਖਤਿਆਰ ਸਿੰਘ, ਸੁਖਦੇਵ ਕੁਮਾਰ ਭਟਨਾਗਰ, ਸਰਪੰਚ ਗਰਾਮ ਪੰਚਾਇਤ ਸੰਘੋਲ ਪੂਸ਼ਨ ਰਾਣਾ, ਸਕੱਤਰ ਹਰਚੰਦ ਸਿੰਘ ਚੰਨੀ ਦੇ ਹਸਤਾਖਰਾਂ ਹੇਠ ਐਸ. ਡੀ. ਐਮ. ਖਮਾਣੋਂ ਨੂੰ ਸ਼ਿਕਾਇਤ ਦਿੱਤੀ ਗਈ | ਜਿਸ ਰਾਹੀਂ ਦੱਸਿਆ ਗਿਆ ਕਿ ਸੰਘੋਲ 'ਚ ਕਈ ਦੁਕਾਨਦਾਰਾਂ ਵਲੋਂ ਪੰਚਾਇਤੀ ਨਾਲੇ ਤੋਂ ਅੱਗੇ 10-12 ਫੁੱਟ ਬਾਹਰ ਤੱਕ ਸਾਮਾਨ ਰੱਖਿਆ ਜਾਂਦਾ ਹੈ ਅਤੇ ਸੜਕ ਦੁਆਲੇ ਰੇਹੜੀ ਫੜੀ ਵਾਲੇ ਆਵਾਜਾਈ 'ਚ ਰੁਕਾਵਟ ਪੈਦਾ ਕਰ ਰਹੇ ਹਨ | ਖੂਹ ਵਾਲੇ ਚੌਕ ਨੇੜੇ ਅਕਸਰ ਜਾਮ ਲੱਗਿਆ ਰਹਿੰਦਾ ਹੈ ਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵੇਖਣ ਨੂੰ ਮਿਲਦਾ ਹੈ | ਦੱਸਣਯੋਗ ਹੈ ਕਿ ਬੀਤੇ ਸਮੇਂ ਉਕਤ ਥਾਂ 'ਤੇ ਹਾਦਸੇ 'ਚ ਇਕ ਪਿੰਡ ਵਾਸੀ ਦੀ ਮੌਤ ਹੋ ਚੁੱਕੀ ਹੈ | ਸ਼ਿਕਾਇਤ ਮੁਤਾਬਿਕ ਸਕੂਲ ਦੀ ਚਾਰਦੀਵਾਰੀ ਨੇੜੇ ਤੇ ਬਾਜ਼ਾਰ 'ਚ ਕਈ ਪ੍ਰਵਾਸੀਆਂ ਨੇ ਅਣਅਧਿਕਾਰਤ ਤੌਰ 'ਤੇ ਰੇਹੜੀਆਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ਦਾ ਕਾਨੂੰਨੀ ਨਿਯਮਾਂ ਅਨੁਸਾਰ ਪੁਲਿਸ ਕੋਲ ਕੋਈ ਰਿਕਾਰਡ ਨਹੀਂ ਹੈ | ਵੈਰੀਫਿਕੇਸ਼ਨ ਨਾ ਹੋਣ ਕਾਰਨ ਜੇਕਰ ਅਜਿਹੇ ਵਿਅਕਤੀ ਕੋਈ ਅਣਸੁਖਾਵੀਂ ਘਟਨਾ ਦਾ ਕਾਰਨ ਬਣਦੇ ਹਨ ਤਾਂ ਇਨ੍ਹਾਂ ਨੂੰ ਲੱਭਣਾ ਔਖਾ ਹੋ ਜਾਵੇਗਾ | ਇਹੀ ਨਹੀਂ ਕੁਝ ਦੁਕਾਨਦਾਰਾਂ ਨੇ ਪਾਵਰਕਾਮ ਵਿਭਾਗ ਦੇ ਨਿਯਮਾਂ ਦੇ ਉਲਟ ਰੇਹੜੀ ਫੜੀ ਵਾਲਿਆਂ ਨੂੰ ਬਿਜਲੀ ਕੁਨੈਕਸ਼ਨ ਵੀ ਦੇ ਰੱਖੇ ਹਨ | ਪੱਤਰ ਦੇ ਅੰਤ 'ਚ ਐਸ. ਡੀ. ਐਮ. ਤੋਂ ਦਰਪੇਸ਼ ਸਮੱਸਿਆ ਦਾ ਜਲਦ ਹੱਲ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ |