02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੈਰਾਥਨ ਨੇ ਵੱਡੀ ਸੰਸਥਾਗਤ ਭਾਗੀਦਾਰੀ ਲਈ ਰਿਕਾਰਡ ਬਣਾਇਆ-ਡਿਪਟੀ ਕਮਿਸ਼ਨਰ

ਅਜੀਤ ਡੈਸਕ 18-06-2025
ਫ਼ਤਹਿਗੜ੍ਹ ਸਾਹਿਬ, 17 ਜੂਨ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਅਤੇ ਰੋਟਰੀ ਕਲੱਬ ਸਰਹਿੰਦ ਦੇ ਸਾਂਝੇ ਉੱਦਮ ਸਦਕਾ ਬੀਤੀ 18 ਮਈ ਨੂੰ ਕਰਵਾਈ ਗਈ ਮੈਰਾਥਨ ਨੇ ਦੇਸ਼ ਭਰ 'ਚੋਂ ਪਹਿਲੀ ਨਸ਼ਿਆਂ ਖ਼ਿਲਾਫ਼ ਸਭ ਤੋਂ ਵੱਡੀ ਸੰਸਥਾਗਤ ਭਾਗੀਦਾਰੀ ਰਾਹੀਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾ ਕੇ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ 'ਚ ਇਕ ਰਾਸ਼ਟਰੀ ਰਿਕਾਰਡ ਬਣਾਇਆ ਹੈ ਜਿਸ ਦੇ ਲਈ ਸਮੁੱਚੇ ਜ਼ਿਲੇ੍ਹ ਦੇ ਨਾਗਰਿਕ ਵਧਾਈ ਦੇ ਪਾਤਰ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੈਰਾਥਨ ਦੇ ਸਫਲ ਆਯੋਜਨ ਲਈ ਰੋਟਰੀ ਕਲੱਬ ਸਰਹਿੰਦ ਦੇ ਅਹੁਦੇਦਾਰਾਂ ਸਮੇਤ ਸਮੁੱਚੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕੀਤਾ | ਡੀ.ਸੀ ਨੇ ਦੱਸਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਇੱਕਜੁੱਟ ਕਰਨ ਲਈ ਆਯੋਜਿਤ ਇਸ ਮੈਰਾਥਨ ਵਿਚ ਤਿੰਨ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਜਿਸ ਸਦਕਾ ਇਸ ਪ੍ਰਾਪਤੀ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਅਧਿਕਾਰਤ ਤੌਰ 'ਤੇ ਦਰਜ ਕੀਤਾ ਗਿਆ ਹੈ | ਡਾ. ਥਿੰਦ ਨੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸ ਵਿਚ ਇਹ ਮੈਰਾਥਨ ਇਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਈ ਹੈ ਅਤੇ ਇਹ ਕੇਵਲ ਇਕ ਮੈਰਾਥਨ ਨਹੀਂ ਸੀ ਸਗੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ, ਇੱਕਜੁੱਟਤਾ ਅਤੇ ਸੰਕਲਪ ਦਾ ਪ੍ਰਤੀਕ ਸੀ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਕੀਤਾ ਗਿਆ ਇਹ ਉਪਰਾਲਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਲੜੀ ਜਾ ਰਹੀ ਜੰਗ ਵਿਚ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਲੋਕਾਂ ਦੇ ਸਾਥ ਨਾਲ ਛੇਤੀ ਹੀ ਨਸ਼ਿਆਂ ਦਾ ਖ਼ਾਤਮਾ ਕਰਕੇ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ | ਉਨ੍ਹਾਂ ਮੈਰਾਥਨ ਵਿਚ ਸਹਿਯੋਗ ਦੇਣ ਲਈ ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਹੇਤਿੰਦਰ ਸੂਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਵਿਚ ਇਸ ਸੰਸਥਾ ਨੇ ਜੋ ਸਹਿਯੋਗ ਦਿੱਤਾ ਹੈ, ਉਹ ਸ਼ਲਾਘਾਯੋਗ ਹੈ | ਉਨ੍ਹਾਂ ਇਸ ਕੌਮੀ ਰਿਕਾਰਡ ਲਈ ਜ਼ਿਲ੍ਹੇ ਦੇ ਲੋਕਾਂ, ਸਮਾਜ ਸੇਵੀ, ਰਾਜਸੀ ਤੇ ਧਾਰਮਿਕ ਸੰਸਥਾਵਾਂ ਅਤੇ ਮੀਡੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ | ਡਾ. ਥਿੰਦ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਇਹ ਜੰਗ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਖ਼ਤਮ ਨਹੀਂ ਹੋਈ, ਸਗੋਂ ਸਾਡਾ ਅਗਲਾ ਟੀਚਾ ਸ਼ਹੀਦਾਂ ਦੀ ਪਵਿੱਤਰ ਧਰਤੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਪੰਜਾਬ 'ਚ ਸਭ ਤੋਂ ਪਹਿਲਾ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਜ਼ਿਲ੍ਹਾ ਬਣਾਉਣਾ ਹੈ | ਜਿਸ ਕਰਕੇ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ | ਇਸ ਮੌਕੇ ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਡਾ. ਹੇਤਿੰਦਰ ਸੂਰੀ ਨੇ ਮੈਰਾਥਨ ਦੀ ਸਫਲਤਾ ਸਬੰਧੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਮ ਦਰਜ ਵਾਲਾ ਸਰਟੀਫਿਕੇਟ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਦੇ ਸਪੁਰਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਡਮੁੱਲੇ ਸਹਿਯੋਗ ਸਦਕਾ ਹੀ ਸੰਭਵ ਹੋ ਸਕੀ ਹੈ ਜਿਸ ਦੇ ਲਈ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵਧਾਈ ਦੇ ਪਾਤਰ ਹਨ | ਡਾ. ਸੂਰੀ ਨੇ ਆਪਣੀ ਟੀਮ ਦੇ ਨਾਲ ਡਿਪਟੀ ਕਮਿਸ਼ਨਰ ਸਮੇਤ ਹਾਜ਼ਰ ਸ਼ਖ਼ਸੀਅਤਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਇਸ ਮੌਕੇ 'ਤੇ ਡਾ. ਹੇਤਿੰਦਰ ਸੂਰੀ ਪ੍ਰਧਾਨ ਰੋਟਰੀ ਕਲੱਬ, ਵਿਨੀਤ ਸ਼ਰਮਾ ਸਕੱਤਰ, ਸੁਨੀਲ ਬੈਕਟਰ ਖ਼ਜ਼ਾਨਚੀ, ਐਡਵੋਕੇਟ ਸਤਪਾਲ ਗਰਗ ਪ੍ਰੋਜੈਕਟ ਇੰਚਾਰਜ, ਮੈਂਬਰ ਯੋਗੇਸ਼ ਬਿੰਬਰਾ, ਸ਼ੇਖਰ ਬਿਥਰ, ਅਨਿਲ ਸੂਦ, ਪਰਦੀਪ ਮਲਹੋਤਰਾ, ਕਮਲ ਗੁਪਤਾ, ਬਲਵੰਤ ਸਿੰਘ ਗੋਗੀ, ਵਰੁਣ ਮਾਂਗੀ, ਦਲਜੀਤ ਬੱਤਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ 'ਚ ਤਿੰਨ ਨਾਮਜ਼ਦ ਅਗਲੀ ਖ਼ਬਰ ਖਮਾਣੋਂ ਵਿਖੇ ਸ਼ਨੀ ਦੇਵ ਮੰਦਰ ਦੀ ਭੰਨ-ਤੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।