ਮੰਡੀ ਗੋਬਿੰਦਗੜ੍ਹ, 20 ਜੂਨ (ਰਾਜੇਸ਼ ਸ਼ਰਮਾ)-ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇਕੱਤਰਤਾ ਸਥਾਨਕ ਗਊਸ਼ਾਲਾ ਰੋਡ ਸਥਿਤ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਇਕਾਈ ਪ੍ਰਧਾਨ ਗੁਰਬਖ਼ਸ਼ ਸਿੰਘ ਸੰਗਤਪੁਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਿਛਲੇ ਦਿਨੀਂ ਅਹਿਮਦਾਬਾਦ ਅਤੇ ਕੇਦਾਰਨਾਥ ਵਿਚ ਵਾਪਰੇ ਜਹਾਜ਼ ਹਾਦਸਿਆਂ ਵਿਚ ਜਾਨਾਂ ਗੁਆਉਣ ਵਾਲੇ ਯਾਤਰੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਦੀ ਸ਼ੁਰੂਆਤ 'ਚ ਜਨਰਲ ਸਕੱਤਰ ਭੁਪਿੰਦਰ ਸਿੰਘ ਡਡਹੇੜੀ ਨੇ ਪੇ-ਕਮਿਸ਼ਨ ਦੇ ਬਕਾਏ ਸੰਬੰਧੀ ਮੈਂਬਰਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਦੁਆਰਾ ਅਦਾਇਗੀ ਨਹੀਂ ਕੀਤੀ ਗਈ ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਬਕਾਏ ਸੰਬੰਧੀ ਤੁਰੰਤ ਆਦੇਸ਼ ਦੇਣ ਦੀ ਬੇਨਤੀ ਵੀ ਕੀਤੀ ਗਈ ਸੀ, ਦੂਜੇ ਪਾਸੇ ਪ੍ਰਸ਼ਾਸਨ ਪਾਸੋਂ ਇਹੀ ਜਵਾਬ ਮਿਲਦਾ ਹੈ ਕਿ ਸਟਾਫ਼ ਦੀ ਘਾਟ ਤੇ ਕੰਮ ਦਾ ਬੋਝ ਜ਼ਿਆਦਾ ਹੋਣ ਕਰਕੇ ਬਕਾਇਆ ਦੇਣ ਵਿਚ ਸਮਾਂ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀ ਹਰ ਸਰਕਾਰ ਵਲੋਂ ਮੁਲਾਜ਼ਮਾਂ ਦੇ ਕੰਮਾਂ ਅਤੇ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ | ਰਾਮ ਸਿੰਘ ਅਲਬੇਲਾ ਨੇ ਵਾਤਾਵਰਨ 'ਤੇ ਗੀਤ ਗਾ ਕੇ ਸਾਰਿਆਂ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ | ਰਾਜਿੰਦਰ ਸਿੰਘ ਰਿਟਾ. ਜੇ.ਈ. ਬਿਜਲੀ ਬੋਰਡ ਨੇ ਵੀ ਸਰਕਾਰਾਂ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਸੰਬੰਧੀ ਤਿੱਖੀ ਅਲੋਚਨਾ ਕੀਤੀ | ਇਸ ਤੋਂ ਇਲਾਵਾ ਪਰਮਜੀਤ ਸਿੰਘ ਰਿਟਾ. ਪੀ.ਏ ਨੇ ਕਿਹਾ ਕਿ ਪ੍ਰਸ਼ਾਸਨ ਜਾਣ-ਬੁਝ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਉਹ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ | ਇਸ ਮੀਟਿੰਗ ਨੂੰ ਨਸੀਬ ਸਿੰਘ, ਸੁਰਜੀਤ ਸਿੰਘ ਸਾਬਕਾ ਸੁਪਰਵਾਈਜ਼ਰ ਅਤੇ ਰਾਜਿੰਦਰ ਸਿੰਘ ਜਰਗੜੀ ਨੇ ਵੀ ਸੰਬੋਧਨ ਕੀਤਾ | ਅਖੀਰ ਵਿਚ ਪ੍ਰਧਾਨ ਗੁਰਬਖ਼ਸ਼ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਮੀਟਿੰਗ ਉਪਰੰਤ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਸੰਬੰਧੀ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨਾਲ ਮੁਲਾਕਾਤ ਕੀਤੀ | ਜਿੱਥੇ ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਨਾ ਕੀਤੇ ਜਾਣ ਪ੍ਰਤੀ ਰੋਸ ਪ੍ਰਗਟਾਇਆ | ਇਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਪੈਨਸ਼ਨਰਾਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਨਾਲ ਪੇ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਕਰਨ ਦਾ ਭਰੋਸਾ ਦਿੱਤਾ | ਮੀਟਿੰਗ ਵਿਚ ਅਮਰਜੀਤ ਅਮਲੋਹ, ਗੁਰਦੀਪ ਸਿੰਘ ਭੜੀ, ਪ੍ਰੇਮ ਚੰਦ, ਰਾਮਪਾਲ ਸਿੰਘ, ਅਜੈਬ ਸਿੰਘ, ਦਰਬਾਰਾ ਸਿੰਘ ਹਰਲਾਲਪੁਰ, ਦਰਬਾਰਾ ਸਿੰਘ ਨਸਰਾਲੀ, ਭਿੰਦਰ ਸਿੰਘ ਖੰਨਾ, ਭੁਪਿੰਦਰ ਸਿੰਘ ਡਡਹੇੜੀ, ਜਸਪਾਲ ਸਿੰਘ ਮਾਰਵਾ, ਪ੍ਰਕਾਸ਼ ਸਿੰਘ ਬਡਾਲੀ, ਰਾਜ ਕੁਮਾਰ, ਸੱਤਪਾਲ ਘਈ, ਭੋਜ ਰਾਜ, ਸਰੂਪ ਸਿੰਘ, ਗਿਰਜ਼ਾ ਸ਼ੰਕਰ, ਪਿਆਰੀ ਦੇਵੀ, ਅਮਰਜੀਤ ਕੌਰ, ਬੀਬੀ ਮੀਨਾ, ਬਿਮਲਾ ਦੇਵੀ, ਜਗਤਾਰ ਕੌਰ, ਕਿ੍ਸ਼ਨਾ ਦੇਵੀ, ਸ਼ਰੀਫ਼ ਮੁਹੰਮਦ ਤੇ ਹੋਰ ਮੈਂਬਰ ਵੀ ਸ਼ਾਮਿਲ ਸਨ |