ਫ਼ਤਹਿਗੜ੍ਹ ਸਾਹਿਬ, 20 ਜੂਨ (ਰਵਿੰਦਰ ਮੌਦਗਿਲ)-ਘਰ ਪੁੱਜੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪਿਉ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੁੱਤ ਫ਼ਰਾਰ ਦੱਸਿਆ ਜਾ ਰਿਹਾ ਹੈ | ਸਹਾਇਕ ਥਾਣੇਦਾਰ ਤਿਲਕ ਰਾਜ ਵਲੋਂ ਇਸ ਮਾਮਲੇ ਵਿਚ ਪੁਲਿਸ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 132, 221, 121 (1) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਜਿਸ ਵਿਚ ਦੱਸਿਆ ਗਿਆ ਕਿ ਪੁਲਿਸ ਟੀਮ, ਸ਼ਾਮ ਲਾਲ ਪੁੱਤਰ ਬੱਲੂ ਰਾਮ ਅਤੇ ਉਸ ਦੇ ਪੁੱਤਰ ਰਾਜੇਸ਼ ਕੁਮਾਰ ਉਰਫ਼ ਰਾਜੂ ਵਾਸੀਆਨ ਤਲਾਣੀਆਂ ਨੂੰ ਪੁਰਾਣੇ ਕੇਸ ਸਬੰਧੀ ਪਰਵਾਨਾ ਨੋਟ ਕਰਵਾਉਣ ਲਈ ਉਨ੍ਹਾਂ ਦੇ ਘਰ ਗਈ ਸੀ | ਉਸ ਦੌਰਾਨ ਦੋਨੋਂ ਪਿਉ-ਪੁੱਤ ਪੁਲਿਸ ਨਾਲ ਬਹਿਸ ਕਰਨ ਲੱਗ ਗਏ | ਇੰਨਾ ਹੀ ਨਹੀਂ ਉਕਤਾਨ ਵਲੋਂ ਮੌਕੇ 'ਤੇ ਪੁੱਜੇ ਥਾਣਾ ਮੁਖੀ ਸਬ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਵੀ ਮਾੜਾ ਵਤੀਰਾ ਕੀਤਾ ਗਿਆ | ਪੁਲਿਸ ਟੀਮ ਨੇ ਦੋਸ਼ ਲਗਾਇਆ ਕਿ ਸ਼ਾਮ ਲਾਲ ਅਤੇ ਰਾਜੇਸ਼ ਨੇ ਕਥਿਤ ਤੌਰ 'ਤੇ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਤੇ ਵਰਦੀਆਂ ਫਾੜੀਆਂ ਹਨ | ਇੰਨਾ ਹੀ ਨਹੀਂ ਡਿਊਟੀ ਵਿਚ ਵਿਘਨ ਵੀ ਪਾਇਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸ਼ਾਮ ਲਾਲ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸ ਦਾ ਪੁੱਤਰ ਰਾਜੇਸ਼ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮ ਸ਼ਾਮ ਲਾਲ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |