ਫ਼ਤਹਿਗੜ੍ਹ ਸਾਹਿਬ, 31 ਅਗਸਤ (ਰਵਿੰਦਰ ਮੌਦਗਿਲ)-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅਹਿਤਿਆਤੀ ਤੌਰ 'ਤੇ ਅੱਜ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਮੁੜ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੀਆਂ ਡਰੇਨਾਂ ਅਤੇ ਸਰਹਿੰਦ ਚੋਅ ਵਿਚ ਪਾਣੀ ਦੀ ਸਥਿੱਤੀ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਕਿਸੇ ਵੀ ਸੰਕਟ ਵਾਲੀ ਸਥਿਤੀ ਦੀ ਸੰਭਾਵਨਾ ਦੇ ਮੱਦੇਨਜ਼ਰ ਫ਼ੌਰੀ ਢੁਕਵੇਂ ਕਦਮ ਚੁੱਕੇ ਜਾਣ | ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੜ੍ਹ ਆਉਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਸੋਸ਼ਲ ਮੀਡੀਆ 'ਤੇ ਫੈਲਣ ਵਾਲੀਆਂ ਅਜਿਹੀਆਂ ਕਿਸੇ ਵੀ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ ਹੇਠ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਡਰੇਨ ਜਾਂ ਚੋਅ ਵਿਚ ਹਾਲ ਦੀ ਘੜੀ ਪਾਣੀ ਦਾ ਪੱਧਰ ਵਧਿਆ ਨਹੀਂ ਹੈ, ਜਿਸ ਨਾਲ ਲੋਕਾਂ ਨੂੰ ਕਿਸੇ ਕਿਸਮ ਦਾ ਖ਼ਤਰਾ ਪੈਦਾ ਹੁੰਦਾ ਹੋਵੇ | ਇਸੇ ਦੌਰਾਨ ਡੀ.ਸੀ. ਡਾ. ਸੋਨਾ ਥਿੰਦ ਦੀਆਂ ਹਦਾਇਤਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਵਰ੍ਹਦੇ ਮੀਂਹ ਵਿਚ ਜੇ.ਸੀ.ਬੀ. ਮਸ਼ੀਨ ਰਾਹੀਂ ਪਨੈਚਾ ਡਰੇਨ ਵਿਚੋਂ ਬੂਟੀ ਕੱਢਣ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪਾਣੀ ਦੇ ਵਹਾਅ ਵਿਚ ਰੁਕਾਵਟ ਪਾਉਣ ਵਾਲੀ ਬੂਟੀ ਨੂੰ ਨਾਲੋਂ ਨਾਲ ਕਢਵਾਇਆ ਜਾਵੇ | ਉਨ੍ਹਾਂ ਨੇ ਦੱਸਿਆ ਕਿ ਪਨੈਚਾ ਡਰੇਨ ਦੀ ਸਫ਼ਾਈ ਨਾਲ ਪਿੰਡ ਖੰਟ, ਪਨੈਚਾ, ਮਾਨਪੁਰ, ਪੰਜਕੋਹਾ, ਭੱਟੀਆਂ, ਟੋਡਰਪੁਰ, ਲੁਹਾਰ ਮਾਜਰਾ, ਲੁਹਾਰ ਖ਼ੁਰਦ ਤੇ ਪੋਲੋ ਮਾਜਰਾ ਪਿੰਡਾਂ ਦੇ ਵਸਨੀਕ ਰਾਹਤ ਮਹਿਸੂਸ ਕਰਨਗੇ | ਇਸੇ ਦੌਰਾਨ ਐਸ.ਡੀ.ਐਮ ਬਸੀ ਪਠਾਣਾਂ ਹਰਵੀਰ ਕੌਰ ਨੇ ਵੀ ਅੱਜ ਬਰਸਾਤੀ ਨਾਲਿਆਂ ਵਿਚ ਪਾਣੀ ਦੀ ਸਥਿਤੀ ਦਾ ਨਿਰੀਖਣ ਕੀਤਾ | ਉਨ੍ਹਾਂ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ ਅਤੇ ਡਰੇਨ ਵਿਚ ਪਾਣੀ ਦਾ ਪੱਧਰ ਨੀਵਾਂ ਹੈ |