14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੁਦਰਤੀ ਕਰੋਪੀ ਤੋਂ ਵੱਧ ਸਰਕਾਰੀ ਅਣਗਹਿਲੀ ਪੰਜਾਬ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 01-09-2025
ਫ਼ਤਹਿਗੜ੍ਹ ਸਾਹਿਬ, 31 ਅਗਸਤ (ਬਲਜਿੰਦਰ ਸਿੰਘ)-ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਰਇੰਦਰ ਸਿੰਘ ਲਿਬੜਾ ਦੇ ਯਤਨਾਂ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫ਼ਤਹਿਗੜ੍ਹ ਸਾਹਿਬ ਤੋਂ ਰਾਹਤ ਸਮੱਗਰੀ ਦੇ 5 ਟਰੱਕਾਂ ਨੂੰ ਰਵਾਨਾ ਕੀਤਾ ਗਿਆ | ਇਸ ਰਾਹਤ ਸਮੱਗਰੀ ਵਿਚ ਪਸ਼ੂਆਂ ਲਈ ਚਾਰਾ, ਆਟਾ, ਦਾਲਾਂ, ਪਾਣੀ ਆਦਿ ਵਸਤੂਆਂ ਸ਼ਾਮਿਲ ਸਨ | ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕੀ ਬਲਾਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਕਿਤੇ ਵੀ ਆ ਸਕਦੀ ਹੈ ਪਰ ਇਸ ਵੇਲੇ ਪੰਜਾਬ ਵਿਚ ਜੋ ਹੜ੍ਹਾਂ ਵਰਗੀ ਸਥਿੱਤੀ ਬਣੀ ਹੋਈ ਹੈ, ਉਸ ਦੇ ਲਈ ਪੰਜਾਬ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੀ ਨਾਲਾਇਕੀ ਵਧੇਰੇ ਜਿੰਮੇਵਾਰ ਹੈ | ਕਿਉਂਕਿ ਇਕ ਸਾਲ ਪਹਿਲਾਂ ਪੰਜਾਬ ਦਾ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਸੀ | ਇਸ ਵਕਫ਼ੇ ਦੌਰਾਨ ਸਰਕਾਰ ਇਕ ਵੀ ਬੰਨ੍ਹ ਨੂੰ ਪੱਕਾ ਨਹੀਂ ਕਰ ਸਕੀ ਅਤੇ ਨਾ ਹੀ ਦਰਿਆਈ ਇਲਾਕਿਆਂ ਨੂੰ ਇਸ ਮਾਰ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ | ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਕੰਢਿਆਂ 'ਤੇ ਸਰਕਾਰ ਦੀ ਸਰਪ੍ਰਸਤੀ ਹੇਠ ਹੋਈ ਬੇਤਹਾਸ਼ਾ ਨਾਜਾਇਜ਼ ਮਾਈਨਿੰਗ ਵੀ ਇਸ ਕਰੋਪੀ ਲਈ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਜਾਂਚ ਲਈ ਹਾਈ ਕੋਰਟ ਦੇ ਮੁੱਖ ਜੱਜ ਦੀ ਅਗਵਾਈ ਹੇਠ ਕਮਿਸ਼ਨ ਗਠਿਤ ਹੋਵੇ, ਸਮਾਂਬੱਧ ਜਾਂਚ ਹੋਵੇ, ਜਿਸ ਵਿਚ ਜਾਨੀ ਮਾਲੀ ਨੁਕਸਾਨ ਦਾ ਜਾਇਜ਼ਾ, ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿਚ ਹੁੰਦੀ ਨਜਾਇਜ਼ ਮਾਈਨਿੰਗ ਜਾਂ ਕੋਈ ਹੋਰ ਕਾਰਨ ਜਿਹੜੀ ਵੱਡੀ ਤਬਾਹੀ ਦਾ ਕਾਰਨ ਬਣੀ ਹੈ, ਉਸ 'ਤੇ ਰੋਕ ਲੱਗ ਸਕੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਸੰਕਟਮਈ ਹਾਲਾਤਾਂ ਦੇ ਮੱਦੇਨਜ਼ਰ ਵਿਸ਼ੇਸ਼ ਆਰਥਿਕ ਪੈਕੇਜ਼ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਲਈ ਮੁਸ਼ਕਿਲਾਂ ਹੋਰ ਵੱਧਣਗੀਆਂ | ਇਸ ਮੌਕੇ 'ਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਰਗਰਮ ਆਗੂ ਅਮਰਇੰਦਰ ਸਿੰਘ ਲਿਬੜਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਤਾਂ ਦੀ ਮਦਦ ਲਈ ਇਲਾਕੇ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਵਿਚ ਵੀ ਹਰ ਤਰੀਕੇ ਨਾਲ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ 'ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼ੋ੍ਰਮਣੀ ਕਮੇਟੀ, ਅਮਰਇੰਦਰ ਸਿੰਘ ਲਿਬੜਾ, ਲਖਵੀਰ ਸਿੰਘ ਥਾਬਲਾਂ, ਸਾਬਕਾ ਚੇਅਰਮੈਨ ਰਣਬੀਰ ਸਿੰਘ ਪੂਨੀਆ, ਜੱਸਾ ਸਿੰਘ ਆਹਲੂਵਾਲੀਆ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਹਰਵੇਲ ਸਿੰਘ ਮਾਧੋਪੁਰ, ਬਲਤੇਜ ਸਿੰਘ ਅਮਲੋਹ, ਦਰਬਾਰਾ ਸਿੰਘ ਰੰਧਾਵਾ, ਪ੍ਰੀਤਮ ਸਿੰਘ ਨਾਗਰਾ, ਸਵਰਨ ਸਿੰਘ ਬਾਠ, ਬਲਵਿੰਦਰ ਸਿੰਘ ਸੋਹੀ, ਹਰਵਿੰਦਰ ਸਿੰਘ ਬੱਬਲ, ਜਸਪਾਲ ਸਿੰਘ ਦਾਦੂਮਾਜਰਾ, ਗੁਰਧਰਮ ਸਿੰਘ, ਗੁਰਦੇਵ ਸਿੰਘ ਹੈਪੀ ਭਮਾਰਸੀ, ਰਾਜਿੰਦਰ ਸਿੰਘ ਖਰੋੜ, ਕਰਮਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਸੀਤੀ, ਜੈ ਸਿੰਘ ਬਾੜਾ, ਸਿਕੰਦਰ ਸਿੰਘ ਮੰਡੋਫਲ, ਮਨਦੀਪ ਸਿੰਘ ਤਰਖਾਣਮਾਜਰਾ, ਰੁਪਿੰਦਰ ਸਿੰਘ ਬਹਿਲੋਲਪੁਰ, ਸੁਰਿੰਦਰ ਸਿੰਘ ਸੁਹਾਗਹੇੜੀ, ਡਾ. ਮਨਦੀਪ ਸਿੰਘ, ਸੁਰਜੀਤ ਸਿੰਘ ਚਨਾਰਥਲ ਤੋਂ ਇਲਾਵਾ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਸੁਖਬੀਰ ਸਿੰਘ ਬਾਦਲ ਨੇ ਰਾਜ ਨਹੀਂ ਸੇਵਾ ਦਾ ਨਾਅਰਾ ਸੱਚ ਕਰ ਦਿਖਾਇਆ-ਰਾਜੂ ਖੰ... ਅਗਲੀ ਖ਼ਬਰ ਡੀ. ਸੀ. ਨੇ ਹੜ੍ਹਾਂ ਸੰਬੰਧੀ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।