ਮੰਡੀ ਗੋਬਿੰਦਗੜ੍ਹ, 31 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਵਿਚ ਆਏ ਹੜ੍ਹਾਂ ਨੇ ਸਮੁੱਚੇ ਪੰਜਾਬੀਆਂ ਨੂੰ ਹੀ ਤਹਿਸ-ਨਹਿਸ ਨਹੀਂ ਕੀਤਾ ਸਗੋਂ ਇਹ ਹੜ੍ਹ ਦਾ ਪਾਣੀ ਜਿੱਥੋਂ ਜਿੱਥੋਂ ਵੀ ਲੰਘਿਆ ਉੱਥੇ ਲੋਕਾਂ ਦੀ ਹਰ ਪੂੰਜੀ ਨੂੰ ਸਮੇਟਦਾ ਹੋਇਆ ਘਰਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਤਬਾਹ ਕਰ ਚੁੱਕਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਿਛਲੇ ਪੰਦਰਾਂ ਦਿਨਾਂ ਤੋਂ ਜੋ ਪਹਿਲ ਕਦਮੀ ਕੀਤੀ | ਉਸ ਨੇ ਪਾਰਟੀ ਦੇ ਨਾਅਰੇ ਰਾਜ ਨਹੀਂ ਸੇਵਾ ਨੂੰ ਸੱਚ ਕਰ ਦਿਖਾਇਆ ਕਿਉਂਕਿ ਜਿਸ ਦਿਨ ਤੋਂ ਹੜ੍ਹਾਂ ਦਾ ਪਾਣੀ ਪੰਜਾਬ ਅੰਦਰ ਆਇਆ, ਉਸ ਦਿਨ ਤੋਂ ਹੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਮੁੱਚੇ ਅਕਾਲੀ ਵਰਕਰਾਂ ਤੇ ਆਗੂਆਂ ਨਾਲ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਪੰਜਾਬ ਦੇ ਕੋਨੇ ਕੋਨੇ ਵਿਚ ਗਏ ਹਨ | ਰਾਜੂ ਖੰਨਾ ਨੇ ਸਮਾਜ ਸੇਵੀ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਥਾਂ-ਥਾਂ 'ਤੇ ਲੰਗਰ, ਬੇਘਰ ਹੋਏ ਲੋਕਾਂ ਲਈ ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ਖੋਲ੍ਹ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਫ਼ਾਜ਼ਿਲਕਾ, ਅਬੋਹਰ, ਤਰਨਤਾਰਨ, ਫ਼ਿਰੋਜ਼ਪੁਰ, ਸੁਲਤਾਨਪੁਰ ਲੋਧੀ, ਜਲਾਲਾਬਾਦਤੇ ਰੋਪੜ ਵਿਖੇ ਜਿੱਥੇ ਹੜ੍ਹ ਦੇ ਪਾਣੀ ਨਾਲ ਵਧੇਰੇ ਤਬਾਹੀ ਹੋਈ ਹੈ ਉੱਥੇ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਹੀ ਨਹੀਂ ਜਾਣਿਆਂ ਸਗੋਂ ਕਿਸ਼ਤੀਆਂ (ਬੋਟ), ਰਾਸ਼ਨ, ਪਾਣੀ ਕੱਢਣ ਲਈ ਪੰਪ, ਡੀਜ਼ਲ, ਸੁੰਡ ਪਾਈਪਾਂ ਦਾ ਜਿੱਥੇ ਵਿਸ਼ੇਸ਼ ਪ੍ਰਬੰਧ ਕਰਕੇ ਦਿੱਤਾ ਉੱਥੇ ਅਕਾਲੀ ਵਰਕਰਾਂ ਤੇ ਆਗੂਆਂ ਦੀਆਂ ਸਹਾਇਤਾ ਕਰਨ ਲਈ ਡਿਊਟੀਆਂ ਵੀ ਲਗਾਈਆਂ |