ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਮਨਪ੍ਰੀਤ ਸਿੰਘ)-ਸਾਨੂੰ ਆਪਣੇ ਭਵਿੱਖ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਦੀਵਾਲੀ ਦੇ ਤਿਉਹਾਰ ਨੂੰ ਵੀ ਗ੍ਰੀਨ ਦੀਵਾਲੀ ਦੇ ਤੌਰ 'ਤੇ ਮਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਧੀਆ ਵਾਤਾਵਰਨ ਦੀ ਸਿਰਜਣਾ ਕਰ ਸਕੀਏ | ਇਨ੍ਹਾਂ ਦਾ ਪ੍ਰਗਟਾਵਾ ਗੁਰਤੀਰਥ ਸਕੈਨ ਸੈਂਟਰ ਦੇ ਐਮ.ਡੀ ਡਾ. ਗੁਰਸ਼ਰਨ ਸਿੰਘ ਰੇਡੀਓ ਡਾਈਗਨੋਸਿਸ ਤੇ ਜਨਰਲ ਮੈਨੇਜਰ ਗੁਰਚਰਨ ਸਿੰਘ ਨੇ ਸਟਾਫ਼ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਸਮੇਤ ਹੋਰਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ | ਉਨ੍ਹਾਂ ਵਾਤਾਵਰਨ ਪ੍ਰੇਮੀਆ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਤੇ ਵਾਤਾਵਰਨ ਵਿਚ ਕੈਮੀਕਲਾਂ ਤੇ ਹੋਰ ਗੈਸਾਂ ਕਾਰਨ ਵੱਧ ਰਹੇ, ਪ੍ਰਦੂਸ਼ਣ ਨੂੰ ਕਾਬੂ ਕਰਨ 'ਚ ਯੋਗਦਾਨ ਪਾ ਸਕਣ ਅਤੇ ਜੇਕਰ ਅਸੀਂ ਹੁਣ ਵੀ ਨਾ ਸੰਭਲ ਸਕੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਘਾਤਕ ਹੋ ਸਕਦਾ ਹੈ, ਕਿਉਂਕਿ ਵਾਤਾਵਰਨ ਨਾਲ ਛੇੜਛਾੜ ਸਦਕਾ, ਕੁਦਰਤੀ ਬਦਲਾਅ ਆ ਰਹੇ ਹਨ, ਜਿਨ੍ਹਾਂ ਸਦਕਾ ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਨੂੰ ਵੀ ਵੱਡੀ ਮਾਰ ਪਈ ਹੈ ਤੇ ਸੈਂਕੜੇ ਜਾਨਾਂ ਗਈਆਂ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗ੍ਰੀਨ ਦੀਵਾਲੀ ਮਨਾਉਣ ਤੇ ਕਿਸਾਨ ਵੀ ਆਪਣੀਆਂ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ, ਤਾਂ ਜੋ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਜੂ ਬਾਲਾ, ਕਮਲਜੀਤ ਕੌਰ, ਤਮੰਨਾ, ਇੰਦਰਜੀਤ ਸਿੰਘ ਤੇ ਜੱਗੀ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |