ਬਸੀ ਪਠਾਣਾਂ, 16 ਅਕਤੂਬਰ (ਐਚ.ਐਸ.ਗੌਤਮ)-ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਵਿਖੇ ਅੱਜ ਇਕ ਪਵਿੱਤਰ ਅਤੇ ਸ਼ਰਧਾਮਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥਣਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਗਏ | ਜਿਸ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਪੂਰੀ ਸ਼ਰਧਾ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਦੀ ਬਿਹਤਰੀ, ਵਿਦਿਆਰਥਣਾਂ ਦੀ ਤਰੱਕੀ ਅਤੇ ਸਮੁੱਚੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ | ਕਾਲਜ ਦੀ ਪਿ੍ੰਸੀਪਲ ਸੰਗੀਤਾ ਵਧਵਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਗੁਰੂ ਜੀ ਦੇ ਸਮਾਜ ਸੁਧਾਰਕ ਕਾਰਜਾਂ ਅਤੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਖ਼ਾਸ ਦਿਨ ਲਈ ਕਾਲਜ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ | ਅਰਦਾਸ ਸਮਾਪਤੀ ਉਪਰੰਤ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸਾਰੇ ਸਟਾਫ਼ ਅਤੇ ਵਿਦਿਆਰਥਣਾਂ ਨੇ ਪੂਰੇ ਸਹਿਰਦ ਭਾਵ ਨਾਲ ਲੰਗਰ ਛਕਿਆ | ਇਸ ਸਮੇਂ ਪਿ੍ੰਸੀਪਲ ਸਮੇਤ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ |