ਪਟਿਆਲਾ, 17 ਅਕਤੂਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਹੈ ਕਿ ਨਸ਼ਿਆਂ ਦੇ ਖ਼ਾਤਮੇ ਲਈ ਸੂਬਾ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜਾਰੀ ਰਹੇਗੀ | ਉਨ੍ਹਾਂ ਆਖਿਆ ਕਿ ਜਿਨਾ ਲੋਕਾਂ ਉੱਪਰ ਅੱਧਾ ਅੱਧਾ ਦਰਜਨ ਐਨਡੀਪੀਸੀ ਐਕਟ ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਪਟਿਆਲਾ ਅੰਦਰ ਨੌਜਵਾਨੀ ਨੂੰ ਨਸ਼ਿਆਂ 'ਤੇ ਲਗਾ ਕੇ ਖ਼ਤਮ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਬਖ਼ਸ਼ਿਆ ਨਹੀ ਜਾਵੇਗਾ | ਉਨ੍ਹਾਂ ਆਖਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਚਾਰੇ ਪਾਸਿਓਾ ਭਰਵਾਂ ਸਵਾਗਤ ਹੋ ਰਿਹਾ ਹੈ | ਪਟਿਆਲਾ ਵਿਚ ਵੀ ਜਿਹੜੀ ਕਾਰਵਾਈ ਨਗਰ ਨਿਗਮ, ਪੰਜਾਬ ਪੁਲਸ ਤੇ ਦੂਸਰੇ ਵਿਭਾਗਾਂ ਨੇ ਕੀਤੀ ਹੈ, ਉਸ ਵਿਚ ਸਿਰਫ ਨਸ਼ਿਆਂ ਦੇ ਸੌਦਾਗਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ | ਉਨ੍ਹਾਂ ਆਖਿਆ ਕਿ ਅਸੀ ਮਾਣਯੋਗ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਦੇ ਹਾਂ ਤੇ ਅਸੀ ਕੋਰਟ ਵਿਚ ਆਪਣਾ ਪੱਖ ਰੱਖਾਂਗੇ ਤੇ ਮਾਣਯੋਗ ਕੋਰਟ ਨੂੰ ਸਬੂਤਾਂ ਸਮੇਤ ਦੱਸਾਂਗੇ ਕਿ ਇਹ ਕਿਹੜੇ ਲੋਕ ਹਨ, ਜਿਹੜੇ ਪਟਿਆਲਾ ਵਿਚ ਨਸ਼ਾ ਸਪਲਾਈ ਕਰਦੇ ਹਨ | ਅਜੀਤਪਾਲ ਕੋਹਲੀ ਨੇ ਕਿਹਾ ਕਿ ਸਨੌਰੀ ਅੱਡਾ ਲਗਭਗ ਬਹੁਤ ਸਾਰੇ ਘਰ ਹਨ ਪਰ ਟਾਰਗੇਟ ਸਿਰਫ ਪੰਜ ਜਾਂ ਛੇ ਘਰ ਹੋਏ ਹਨ, ਜਿਹੜੇ ਨਸ਼ਾ ਵੇਚਦੇ ਸਨ | ਉਨ੍ਹਾਂ ਆਖਿਆ ਕਿ ਨਸ਼ਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਜੇਕਰ ਸੱਚਮੁੱਚ ਹੀ ਪੰਜਾਬ ਦੀ ਹਮਦਰਦ ਹੈ ਤਾਂ ਨਸ਼ਾ ਸੌਦਾਗਰਾਂ ਦੀ ਮਦਦ ਛੱਡ ਕੇ ਨਸ਼ਾ ਸੌਦਾਗਰਾਂ ਦੇ ਖ਼ਿਲਾਫ਼ ਖੜ੍ਹੇ | ਉਨ੍ਹਾਂ ਆਖਿਆ ਕਿ ਭਾਜਪਾ ਜਿਨ੍ਹਾਂ ਨੂੰ ਗਰੀਬ ਦੱਸ ਰਹੀ ਹੈ, ਉਨ੍ਹਾਂ ਦੇ ਘਰਾਂ ਹਰ ਕਮਰੇ ਵਿਚ ਏ.ਸੀ., ਵੱਡੀਆਂ-ਵੱਡੀਆਂ ਐਲਈਡੀਜ ਤੇ ਅਮੀਰਾਂ ਵਾਲਾ ਸਾਰਾ ਸਾਮਾਨ ਤੈਨਾਤ ਸੀ | ਉਨ੍ਹਾਂ ਆਖਿਆ ਕਿ ਇਨ੍ਹਾਂ ਨੇ ਪਾਰਕਾਂ ਤੇ ਸਰਕਾਰੀ ਸੜਕਾਂ ਉੱਪਰ ਕਬਜ਼ੇ ਕੀਤੇ ਹੋਏ ਹਨ ਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਤੇ ਸੜਕਾਂ ਹਨ |