ਖਮਾਣੋਂ, 17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਭਾਜਪਾ ਖਮਾਣੋਂ ਮੰਡਲ ਦੇ ਪ੍ਰਧਾਨ ਵਿਵੇਕ ਜੈਨ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਚਾਹੁਣ ਵਾਲੇ ਨੇਤਾ ਤੇ ਵੋਟਰ ਭਾਜਪਾ ਵਿਚ ਸ਼ਮੂਲੀਅਤ ਕਰ ਰਹੇ ਹਨ, ਕਿਉਂਕਿ ਸਭ ਨੂੰ ਪਤਾ ਹੈ ਕਿ ਹਰਿਆਣਾ ਵਾਂਗ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਲਿਆਉਣੀ ਜ਼ਰੂਰੀ ਹੈ | ਜਿਸ ਤਹਿਤ ਪਿਛਲੇ ਦਿਨੀਂ ਜਗਦੀਪ ਸਿੰਘ ਚੀਮਾ ਨੇ 500 ਤੋਂ ਵੱਧ ਮੈਂਬਰਾਂ ਨਾਲ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ | ਜਿਸ ਕਾਰਨ ਫ਼ਤਹਿਗੜ੍ਹ ਸਾਹਿਬ, ਅਮਲੋਹ ਅਤੇ ਬਸੀ ਪਠਾਣਾਂ ਵਿਚ ਭਾਜਪਾ ਦੀ ਲਹਿਰ ਤੇਜ਼ ਹੋਈ ਹੈ | ਵੋਟਰਾਂ ਵਿਚ ਭਾਜਪਾ ਵਿਚ ਸ਼ਮੂਲੀਅਤ ਕਰਨ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ | ਕਿਉਂਕਿ ਭਾਜਪਾ ਵਿਚ ਲੀਡਰਾਂ ਤੇ ਵੋਟਰਾਂ ਦਾ ਸਨਮਾਨ ਅਤੇ ਸਤਿਕਾਰ ਕੀਤਾ ਜਾਂਦਾ ਹੈ | ਸ੍ਰੀ ਜੈਨ ਨੇ ਸ. ਚੀਮਾ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਉੱਤੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਇਸ ਮੌਕੇ ਸ. ਚੀਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਜੋ ਕਿ ਸੁਲਝੇ ਹੋਏ ਸਿਆਸਤਦਾਨ ਹਨ, ਨੇ ਅਣਥੱਕ ਮਿਹਨਤ ਕਰਕੇ ਸਰਹਿੰਦ ਤੇ ਅਮਲੋਹ ਹਲਕਾ ਪਹਿਲਾਂ ਹੀ ਭਾਜਪਾ ਦੇ ਹੱਕ ਵਿਚ ਬਹੁਤ ਮਜ਼ਬੂਤ ਕਰ ਰੱਖਿਆ ਹੈ ਪਰ ਉਹ ਖ਼ੁਦ ਵੀ ਹੁਣ ਭਾਜਪਾ ਵਿਚ ਆਉਣ ਤੋਂ ਬਾਅਦ ਹੁਣ ਜਲਦ ਹੀ ਸਰਹਿੰਦ, ਅਮਲੋਹ ਅਤੇ ਬਸੀ ਪਠਾਣਾਂ ਤੋਂ ਦੀਦਾਰ ਸਿੰਘ ਭੱਟੀ ਨਾਲ ਮਿਲ ਕੇ ਪੰਜ ਹਜ਼ਾਰ ਤੋਂ ਵੱਧ ਦੂਸਰੀਆਂ ਪਾਰਟੀਆਂ ਦੇ ਵੋਟਰਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਉਣਗੇ, ਜਿਸ ਨਾਲ ਫ਼ਤਹਿਗੜ੍ਹ ਸਾਹਿਬ ਵਿਚ ਭਾਜਪਾ ਹੋਰ ਵੀ ਮਜ਼ਬੂਤ ਹੋਵੇਗੀ |