ਪਟਿਆਲਾ, 17 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਕਰਮਚਾਰੀ ਸੰਘ ਦੇ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਮੁਲਾਜ਼ਮਾਂ ਦੀ ਵਿਸ਼ੇਸ਼ ਮੀਟਿੰਗ ਕਰਵਾਈ ਗਈ | ਅੱਜ ਦੀ ਇਕੱਤਰਤਾ ਦੌਰਾਨ ਮੁੱਖ ਮੁੱਦਾ ਪੰਜਾਬ ਸਰਕਾਰ ਕੋਲ ਰੁਕੇ ਹੋਏ ਮਹਿੰਗਾਈ ਭੱਤੇ ਅਤੇ ਤਨਖ਼ਾਹ ਕਮਿਸ਼ਨ ਦੀ ਬਕਾਇਆ ਰਾਸ਼ੀ ਤੁਰੰਤ ਰਿਲੀਜ਼ ਕਰਨ ਲਈ ਆਵਾਜ਼ ਬੁਲੰਦ ਕੀਤੀ ਗਈ | ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਤਨਖ਼ਾਹ ਕਮਿਸ਼ਨ ਦੀ ਬਕਾਇਆ ਰਾਸੀ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਿਚ ਪੰਜਾਬ ਸਰਕਾਰ ਅਸਮਰਥ ਦਿਖਾਈ ਦੇ ਰਹੀ ਹੈ | ਮੁਲਾਜ਼ਮ ਆਗੂ ਪ੍ਰਕਾਸ਼ ਸਿੰਘ ਧਾਲੀਵਾਲ ਅਤੇ ਅਮਰਜੀਤ ਕੌਰ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੀਵਾਲੀ ਮੌਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਬਣਦੇ ਮਹਿੰਗਾਈ ਭੱਤੇ ਦੀ ਰਾਸ਼ੀ ਰਿਲੀਜ਼ ਕੀਤੀ ਜਾਵੇ ਤਾਂ ਜੋ ਸਰਕਾਰੀ ਮੁਲਾਜ਼ਮ ਦੀਵਾਲੀ ਮੌਕੇ ਆਪਣੇ ਪਰਿਵਾਰਾਂ ਨਾਲ ਖੁਸ਼ੀ ਸਾਂਝੀ ਕਰ ਸਕਣ | ਅੱਜ ਦੇ ਸਮੇਂ ਮਹਿੰਗਾਈ ਦੇ ਯੁੱਗ ਵਿਚ ਪਰਿਵਾਰਾਂ ਦਾ ਪਾਲਨ ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਲਿਖਤੀ ਪੱਤਰ ਜਾਰੀ ਕਰਦਿਆਂ ਬਾਗੜੀਆਂ ਟੀਮ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ, ਜਿਨ੍ਹਾਂ ਵਿਚ ਪੁਰਾਣੀ ਪੈਨਸ਼ਨ ਸਕੀਮ, ਤਨਖ਼ਾਹ ਕਮਿਸ਼ਨ ਦੇ ਏਰੀਅਰ ਦੀ ਬਕਾਇਆ ਰਾਸ਼ੀ, ਮਹਿੰਗਾਈ ਭੱਤੇ ਦੀ ਕਿਸ਼ਤ, ਸਰਕਾਰੀ ਮੁਲਾਜ਼ਮਾਂ ਦੇ ਮਾਣ ਸਨਮਾਨ ਸੰਬੰਧੀ ਕੀਤੇ ਵਾਅਦੇ ਪੂਰੇ ਕੀਤੇ ਜਾਣ | ਅੱਜ ਦੀ ਮੀਟਿੰਗ ਦੌਰਾਨ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ ਗਿੱਲ, ਤੇਜਿੰਦਰ ਸਿੰਘ, ਪ੍ਰਭਜੋਤ ਸਿੰਘ, ਰਾਮਫਲ, ਸੁਖਜੀਤ ਸਿੰਘ ਸੁੱਖੀ, ਕਰਨੈਲ ਸਿੰਘ, ਮਹਿਤਾਬ ਸਿੰਘ ਆਦਿ ਮੁਲਾਜ਼ਮ ਸ਼ਾਮਿਲ ਹੋਏ |