ਗੁਰਦਾਸਪੁਰ, 16 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਣ ਵਾਲੀ ਸੜਕ ਵਿਚਕਾਰ ਪਿੰਡ ਮਿਆਣੀ ਝਮੇਲਾ ਨਜ਼ਦੀਕ ਅਤੇ ਕਈ ਹੋਰਨਾਂ ਥਾਵਾਂ 'ਤੇ ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਦੀ ਮੁਰੰਮਤ ਨਾ ਕਰਕੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਦਿਖਾਈ ਦੇ ਰਿਹਾ ਹੈ | ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦਾ ਸੜਕ ਦੀ ਮੁਰੰਮਤ ਨਾ ਹੋਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸੜਕ ਵਿਚਕਾਰ ਪਏ ਟੋਇਆਂ 'ਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਈ ਵਾਰ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ 'ਚ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਉਂਦੇ-ਜਾਂਦੇ ਹਨ ਅਤੇ ਸਾਰਾ ਦਿਨ ਆਵਾਜਾਈ ਚੱਲਦੀ ਰਹਿੰਦੀ ਹੈ | ਇਸ ਸੜਕ ਰਾਹੀਂ ਬਾਰਡਰ ਏਰੀਏ ਦੇ ਲੋਕ ਅਤੇ ਬਾਕੀ ਪਿੰਡਾਂ ਦੇ ਲੋਕ ਸ਼ਹਿਰ ਗੁਰਦਾਸਪੁਰ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਨੂੰ ਜਾਂਦੇ ਹਨ | ਬਾਰਡਰ ਏਰੀਆ ਹੋਣ ਕਰਕੇ ਇਹ ਸੜਕ ਆਪਣੇ ਆਪ 'ਚ ਅਹਿਮ ਭੂਮਿਕਾ ਰੱਖਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਅਕਸਰ ਹੀ ਦੇਖਣ 'ਚ ਆਉਂਦਾ ਹੈ ਕਿ ਜਦੋਂ ਕੋਈ ਵੱਡਾ ਸੜਕ ਹਾਦਸਾ ਵਾਪਰਦਾ ਹੈ ਤਾਂ ਹੀ ਪ੍ਰਸ਼ਾਸਨ ਹਰਕਤ 'ਚ ਆਉਂਦਾ ਹੈ ਜਦੋਂ ਕਿ ਸਮਾਂ ਰਹਿੰਦੇ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾਂਦੀ | ਉਨ੍ਹਾਂ ਕਿਹਾ ਕਿ ਸਿੰਗਲ ਲਾਈਨ ਸੜਕ ਹੋਣ ਕਾਰਨ ਇਸ ਸੜਕ 'ਤੇ ਵੱਡੇ ਵਾਹਨਾਂ ਦਾ ਗੁਜ਼ਰਨਾ ਜਿੱਥੇ ਪਹਿਲਾਂ ਹੀ ਮੁਸ਼ਕਿਲ ਹੈ, ਉੱਥੇ ਸੜਕ ਵਿਚਕਾਰ ਪਏ ਟੋਇਆਂ ਨੇ ਰਾਹਗੀਰਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਤੋਂ ਬਹਿਰਾਮਪੁਰ ਨੂੰ ਜਾਣ ਵਾਲੀ ਸੜਕ ਵਿਚਕਾਰ ਪਿੰਡ ਮਿਆਣੀ ਝਮੇਲਾ ਨਜ਼ਦੀਕ ਤੇ ਹੋਰਨਾਂ ਕਈਆਂ ਥਾਵਾਂ 'ਤੇ ਪਏ ਟੋਇਆਂ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਾਰਵਾਈ ਜਾਵੇ | ਜਦ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਅੱੈਸ. ਡੀ. ਓ ਲਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ ਉੱਚ ਅਧਿਕਾਰੀਆਂ ਨੰੂ ਚੰਡੀਗੜ੍ਹ ਵਿਖੇ ਬਜਟ ਦੀ ਮਨਜ਼ੂਰੀ ਲਈ ਭੇਜਿਆ ਹੈ, ਜਦ ਵੀ ਬਜਟ ਅਲਾਟ ਹੋ ਕੇ ਆਵੇਗਾ ਤਾਂ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾ ਦਿੱਤੀ ਜਾਵੇਗੀ |