ਗੁਰਦਾਸਪੁਰ, 16 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਇਕ ਖ਼ਾਸ ਤੇ ਅਹਿਮ ਮੀਟਿੰਗ 26 ਜੂਨ ਨੰੂ ਚੰਡੀਗੜ੍ਹ ਵਿਖੇ ਰੱਖੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣਿਆਂ 39 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ, ਸਗੋਂ ਲਾਰੇ ਲੱਪੇ ਲਗਾ ਕੇ ਸਮਾਂ ਲੰਘਾਇਆ ਹੈ | ਜਿਸ ਕਾਰਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦਾ ਪੇਅ ਰਵੀਜ਼ਨ ਦਾ ਬਕਾਇਆ ਇਕ ਕਿਸ਼ਤ ਵਿਚ ਦੇਣ, ਡੀ.ਏ 285 ਮਹੀਨਿਆਂ ਦਾ ਦੇਣ, ਡੀ.ਏ. ਦੀਆਂ 4 ਕਿਸ਼ਤਾਂ 13 ਫ਼ੀਸਦੀ ਦੇਣ ਅਤੇ ਮੈਡੀਕਲ ਭੱਤਾ ਦੋ ਹਜ਼ਾਰ ਦੇਣ ਆਦਿ ਮੰਗਾਂ ਸ਼ਾਮਿਲ ਹਨ, ਜਿਨ੍ਹਾਂ ਨੰੂ ਸਰਕਾਰ ਨੇ ਅਜੇ ਤੱਕ ਲਾਗੂ ਨਹੀਂ ਕੀਤਾ | ਜਿਸ ਦੇ ਰੋਸ ਵਜੋਂ ਲੁਧਿਆਣਾ ਪੱਛਮੀ 'ਚ ਹੋ ਰਹੀ ਜ਼ਿਮਨੀ ਚੋਣ ਨੰੂ ਮੁੱਖ ਰੱਖਦਿਆਂ 14 ਜੂਨ ਨੰੂ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਵੱਡੇ ਇਕੱਠ ਨੰੂ ਦੇਖਦਿਆਂ ਸਰਕਾਰ ਨੇ ਸਾਂਝਾ ਫ਼ਰੰਟ ਨੰੂ ਲਿਖਤੀ ਪੱਤਰ ਭੇਜ ਕੇ 26 ਜੂਨ ਨੰੂ ਸਵੇਰੇ 11 ਵਜੇ ਸਿਵਲ ਸਕੱਤਰੇਤ-1 ਸੈਕਟਰ-1 ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ | ਉਨ੍ਹਾਂ ਜਥੇਬੰਦੀ ਵਲੋਂ ਮਾਨ ਸਰਕਾਰ ਨੰੂ ਚਿਤਾਵਨੀ ਦਿੱਤੀ ਕਿ 26 ਜੂਨ ਦੀ ਮੀਟਿੰਗ 'ਚ ਮੰਗਾਂ ਪ੍ਰਵਾਨ ਕੀਤੀਆਂ ਜਾਣ, ਨਹੀਂ ਤਾਂ ਸਾਂਝਾ ਫ਼ਰੰਟ ਸਹਿਯੋਗੀ ਜਥੇਬੰਦੀਆਂ ਨੰੂ ਨਾਲ ਲੈ ਕੇ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕਰਨਗੇ | ਇਸ ਮੌਕੇ ਰਘਬੀਰ ਸਿੰਘ ਚਾਹਲ, ਕਰਨੈਲ ਸਿੰਘ ਭੁਲੇਚੱਕ, ਮਨਮੋਹਨ ਸਿੰਘ ਛੀਨਾ, ਕੁਲਜੀਤ ਸਿੰਘ ਸਿਧਵਾਂ, ਡਾ: ਰਾਜ ਕੁਮਾਰ ਅੱਤਰੀ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਵਿਜੇ ਕੁਮਾਰ ਅਤੇ ਮੈਨੂਅਲ ਨਾਹਰ ਆਦਿ ਹਾਜ਼ਰ ਸਨ |