ਕਾਦੀਆਂ, 16 ਜੂਨ (ਕੁਲਵਿੰਦਰ ਸਿੰਘ)-ਬੀਤੀ ਦੇਰ ਸ਼ਾਮ ਕਾਦੀਆਂ ਦੇ ਰੇਲਵੇ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਸਿੱਧੀ ਟੱਕਰ ਵਿਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਤੇ ਦੂਸਰੇ ਜ਼ਖ਼ਮੀ ਦੀ ਹਸਪਤਾਲ ਪਹੁੰਚ 'ਕੇ ਮੌਤ ਹੋ ਗਈ, ਜਿਨ੍ਹਾਂ ਦੋ ਮੋਟਰਸਾਈਕਲ ਸਵਾਰਾਂ ਨਾਲ ਸਿੱਧੀ ਟੱਕਰ ਹੋਈ ਹੈ, ਉਹ ਮੌਕੇ ਤੋਂ ਫ਼ਰਾਰ ਹੋ ਗਏ | ਤਰਲੋਕ ਕੁਮਾਰ ਪੁੱਤਰ ਬਿਸ਼ਨ ਦਾਸ ਮੁਹੱਲਾ ਕਿ੍ਸ਼ਨ ਨਗਰ ਕਾਦੀਆਂ ਨੇ ਦੱਸਿਆ ਕਿ ਉਹ ਫ਼ੌਜ ਵਿਚੋਂ ਸੇਵਾ ਮੁਕਤ ਹੈ ਤੇ ਬੀਤੀ ਸ਼ਾਮ ਉਹ ਆਪਣੇ ਕਿਸੇ ਕੰਮ ਲਈ ਖਾਰਾ ਰੋਡ ਤੋਂ ਕਾਦੀਆਂ ਵੱਲ ਆ ਰਿਹਾ ਸੀ ਤੇ ਉਸ ਦੇ ਅੱਗੇ ਉਸ ਦਾ ਛੋਟਾ ਲੜਕਾ ਇੰਦਰਜੀਤ ਭਗਤ (24), ਜੋ ਕਿ ਰੰਗ ਰੋਗਨ ਦਾ ਕੰਮ ਕਰਦਾ ਹੈ, ਆਪਣੇ ਦੋਸਤ ਅਜੇ ਪੁੱਤਰ ਯੂਸਫ਼ ਵਾਸੀ ਪ੍ਰਤਾਪ ਨਗਰ ਮੁਹੱਲਾ ਕਾਦੀਆਂ ਨਾਲ ਆਪਣੇ ਟੀਵੀਐਸ ਮੋਟਰਸਾਈਕਲ ਪੀਬੀ18-ਐਸ2808 'ਤੇ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਰੇਲਵੇ ਰੋਡ 'ਤੇ ਜਦੋਂ ਉਹ ਦੋਵੇਂ ਪਹੁੰਚੇ ਤਾਂ ਸਾਹਮਣੇ ਵਾਲੇ ਪਾਸੇ ਤੋਂ 2 ਨੌਜਵਾਨ ਜੋ ਬੁਲੇਟ ਮੋਟਰਸਾਈਕਲ ਬੜੀ ਤੇਜ਼ੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਆ ਰਹੇ ਸਨ, ਨੇ ਸਿੱਧੀ ਟੱਕਰ ਉਸ ਦੇ ਬੇਟੇ ਦੇ ਮੋਟਰਸਾਈਕਲ ਨੂੰ ਮਾਰ ਦਿੱਤੀ, ਜਿਸ ਨਾਲ ਇੰਦਰਜੀਤ ਤੇ ਅਜੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਥੇ ਪਹੁੰਚ ਕੇ ਇੰਦਰਜੀਤ ਭਗਤ ਦੀ ਮੌਤ ਹੋ ਗਈ ਜਦਕਿ ਅਜੇ ਜੋ ਕਿ ਗੰਭੀਰ ਜ਼ਖ਼ਮੀ ਸੀ, ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ | ਥਾਣਾ ਕਾਦੀਆਂ ਦੀ ਪੁਲਿਸ ਏ. ਐਸ. ਆਈ. ਸੁਰਜੀਤ ਸਿੰਘ ਦੀ ਅਗਵਾਈ ਵਿਚ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਸੀ | ਪੁਲਿਸ ਨੇ ਤਰਲੋਕ ਦਾਸ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ 'ਤੇ ਮਾਮਲਾ ਦਰਜ ਕਰ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ |