ਪਠਾਨਕੋਟ, 17 ਜੂਨ (ਸੰਧੂ, ਵਿਨੋਦ)-ਅਮਰਨਾਥ ਯਾਤਰਾ ਸਬੰਧੀ ਜ਼ਿਲ੍ਹੇ ਵਿਚ ਲੰਗਰ ਲਗਾਉਣ ਲਈ ਦਫ਼ਤਰ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਪ੍ਰਵਾਨਗੀ ਲੈ ਕੇ ਹੀ ਲਗਾਏ ਜਾਣ ਅਤੇ ਬਿਨਾਂ ਪ੍ਰਵਾਨਗੀ ਤੋਂ ਲੰਗਰ ਨਾ ਲਗਾਇਆ ਜਾਵੇ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਅਤੇ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵੱਖ-ਵੱਖ ਸੰਸਥਾਵਾਂ ਨਾਲ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਅਮਰਨਾਥ ਯਾਤਰਾ ਸਬੰਧੀ ਪਿਛਲੇ ਸਾਲ ਜ਼ਿਲ੍ਹੇ ਅੰਦਰ ਪੰਜ ਸਮਿਤੀਆਂ ਵਲੋਂ ਲੰਗਰ ਲਗਾਉਣ ਦੀ ਪ੍ਰਵਾਨਗੀ ਲਈ ਗਈ ਸੀ | ਉਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਲਗਾਉਣ ਤੋਂ ਪਹਿਲਾਂ ਦਫ਼ਤਰ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਪ੍ਰਵਾਨਗੀ ਲਾਜ਼ਮੀ ਤੌਰ 'ਤੇ ਲੈਣ ਨੂੰ ਯਕੀਨੀ ਬਣਾਉਣ | ਉਨ੍ਹਾਂ ਪ੍ਰਬੰਧਕਾਂ ਨੂੰ ਕਿਹਾ ਕਿ ਲੰਗਰ ਵਾਲੀਆਂ ਥਾਵਾਂ 'ਤੇ ਢੁੱਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿੱਥੇ-ਕਿੱਤੇ ਵੀ ਉਨ੍ਹਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਉਨ੍ਹਾਂ ਦੇ ਧਿਆਨ 'ਚ ਵੀ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵਲੋਂ ਲੰਗਰ ਵਾਲੀਆਂ ਥਾਵਾਂ ਦਾ ਜਾਇਜ਼ਾ ਵੀ ਲਿਆ ਜਾਵੇਗਾ | ਐਸ. ਐਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਮੀਟਿੰਗ ਵਿਚ ਹਾਜ਼ਰ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਲੰਗਰ ਵਾਲੀਆਂ ਥਾਵਾਂ 'ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਅਤੇ ਸੁਰੱਖਿਆ ਵਲੰਟੀਅਰ ਤਾਇਨਾਤ ਕਰਕੇ 24 ਘੰਟੇ ਦੀ ਡਿਊਟੀ ਲਗਾਉਣ | ਉਨ੍ਹਾਂ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਪੁਲਿਸ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਅਤੇ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ | ਇਸ ਮੀਟਿੰਗ ਵਿਚ ਸਹਾਇਕ ਕਮਿਸ਼ਨਰ ਜਨਰਲ ਵਿਕਰਮਜੀਤ ਸਿੰਘ, ਡੀ. ਐਸ. ਪੀ. ਝਿਰਮਲ ਸਿੰਘ, ਰਜਨੀ ਬਾਲਾ, ਨਾਇਬ ਤਹਿਸੀਲਦਾਰ ਰਣਦੀਪ ਸਿੰਘ, ਯੁਵਾ ਏਕਤਾ ਕਲੱਬ ਕੌਂਤਰਪੁਰ ਗਗਨਦੀਪ ਸ਼ਰਮਾ, ਅਨਿਲ ਗੁਪਤਾ ਜੈ ਸ਼ਿਵਦੀਪ ਸੇਵਾ ਸਮਿਤੀ ਮਾਧੋਪੁਰ, ਵਿਸ਼ਾਲ ਸ੍ਰੀ ਹਰ ਹਰ ਮਹਾਂਦੇਵ ਸੇਵਾ ਸਮਿਤੀ ਸੁਜਾਨਪੁਰ, ਕਮਲ ਕਿਸ਼ੋਰ ਮਹਾਜਨ ਜੈ ਬਾਬਾ ਅਮਰਨਾਥ ਸੇਵਾ ਸਮਿਤੀ ਮਾਧੋਪੁਰ ਆਦਿ ਹਾਜ਼ਰ ਸਨ |