ਸ੍ਰੀ ਹਰਿਗੋਬਿੰਦਪੁਰ, 18 ਜੂਨ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਕੁ ਸਾਲ ਦੇ ਰਾਜ ਦੌਰਾਨ ਸੂਬੇ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੰਮ ਕਰਨ ਦੀਆਂ ਨੀਤੀਆਂ ਬਹੁਤ ਮਾੜੀਆਂ ਹਨ ਅਤੇ ਸਰਕਾਰ ਦੇ ਮੰਤਰੀ, ਵਿਧਾਇਕ ਸਰਕਾਰੀ ਕੰਮ ਕਰਨ ਦੇ ਤਰੀਕੇ ਤੋਂ ਅਨਜਾਣ ਹੋਣ ਕਾਰਨ ਅਫ਼ਸਰਸ਼ਾਹੀ ਤੇ ਮੁਲਾਜ਼ਮ ਵਰਗ 'ਤੇ ਕੰਮ ਕਰਨ ਦਾ ਬੋਝ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਤੰਗ ਆ ਕਿ ਸਮੇਂ ਤੋਂ ਪਹਿਲਾਂ ਹੀ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਰਹੇ ਹਨ, ਜਿਸ ਕਾਰਨ ਹਰ ਮਹਿਕਮੇ ਵਿਚ ਮੁਲਾਜ਼ਮਾਂ ਦੀ ਗਿਣਤੀ ਘਟ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਫ਼ਤਰਾਂ ਵਿਚ ਖੱਜਲ-ਖੁਆਰ ਹੋਣਾ ਪੈ ਰਿਹਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਮੁਲਾਜ਼ਮਾਂ ਨੂੰ ਹਰ 6 ਮਹੀਨੇ ਬਾਅਦ ਮਿਲਣ ਵਾਲਾ ਮਹਿੰਗਾਈ ਭੱਤਾ ਅਜੇ ਤੱਕ ਨਹੀਂ ਦਿੱਤਾ ਗਿਆ | ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ 'ਆਪ' ਸਰਕਾਰ ਜੋ ਲੋਕ ਭਲਾਈ ਦੀਆਂ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਨ ਦੇ ਦਾਅਵੇ ਕਰਦੀ ਹੈ, ਉਹ ਜਦੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸਨ, ਵਲੋਂ ਹੀ ਸ਼ੁਰੂ ਕੀਤੀਆਂ ਗਈਆਂ ਸਨ | ਉਨ੍ਹਾਂ ਨੇ ਕਿਰਸਾਨੀ ਦੀ ਗੱਲ ਕਰਦੇ ਹੋਏ ਕਿਹਾ ਕਿ ਹੁਣ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਯੂਰੀਆ ਖ਼ਾਦ ਨਾ ਮਿਲਣ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ, ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ ਵੀ ਹੁਣ ਘੱਟ ਮਿਲ ਰਹੀ ਹੈ | ਇਸ ਤੋਂ ਇਲਾਵਾ ਜੋ ਹਾਈਵੇਅ ਰੋਡ ਸ੍ਰੀ ਹਰਿਗੋਬਿੰਦਪੁਰ ਹਲਕੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਗੁਜਰ ਰਹੇ ਹਨ | ਉਨ੍ਹਾਂ ਜ਼ਮੀਨਾਂ 'ਤੇ ਵੀ ਸਰਕਾਰ ਬਗੈਰ ਮੁਆਵਜ਼ਾ ਦਿੱਤੇ ਹੀ ਕਬਜ਼ੇ ਕਰਵਾਉਣ 'ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਮਨਰੇਗਾ ਯੋਜਨਾ ਅਧੀਨ ਕੰਮ ਕਰਨ ਵਾਲੇ ਵਿਅਕਤੀ ਵੀ ਸਰਕਾਰ ਦੇ ਚਹੇਤੇ ਹੀ ਹਨ, ਜਿਨ੍ਹਾਂ ਨੂੰ ਪਿੰਡਾਂ ਵਿਚ ਕੰਮ ਦਿੱਤਾ ਜਾ ਰਿਹਾ ਹੈ ਅਤੇ ਜੋ ਲੋੜਵੰਦ ਗਰੀਬ ਵਿਅਕਤੀ ਹੈ, ਨੂੰ ਨਰੇਗਾ ਵਿਚ ਕੰਮ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਮਨਰੇਗਾ ਮਜ਼ਦੂਰਾਂ ਦੀਆਂ ਹਾਜ਼ਰੀਆਂ 'ਚ ਵੀ ਗੜਬੜੀ ਹੋ ਰਹੀ ਹੈ | ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਲੋਕ ਆਮ ਆਦਮੀ ਸਰਕਾਰ ਕੋਲੋਂ ਅੱਕ ਚੁੱਕੇ ਹਨ ਤੇ ਫਿਰ ਸ਼੍ਰੋਮਣੀ ਅਕਾਲੀ (ਬ) ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ |