ਬਟਾਲਾ, 18 ਜੂਨ (ਸਤਿੰਦਰ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਦਫਤਰ ਵਿਚ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਪੰਜਾਬ ਭਾਜਪਾ ਦੇ ਸੈਕਟਰੀ ਸੂਰਜ ਭਾਰਦਵਾਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੂਰਜ ਭਾਰਦਵਾਜ ਨੇ ਕਿਹਾ ਕਿ ਭਾਜਪਾ ਵਲੋਂ ਸੂਬੇ ਭਰ ਅੰਦਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮੋਦੀ ਸਰਕਾਰ ਦੀਆਂ 11 ਸਾਲਾਂ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿੱਥੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰ ਰਹੀ ਹੈ, ਉਥੇ ਦੇਸ਼ ਦੇ ਆਮ ਨਾਗਰਿਕਾਂ ਦਾ ਵੀ ਵਿਕਾਸ ਕਰ ਰਹੀ ਹੈ | ਦੇਸ਼ ਅੰਦਰ ਤੇਜ਼ੀ ਨਾਲ ਸੜਕਾਂ ਦਾ ਜਾਲ ਵਿਛ ਰਿਹਾ ਹੈ, ਇਸ ਤੋਂ ਇਲਾਵਾ ਹਰ ਸੈਕਟਰ ਵਿਚ ਭਾਜਪਾ ਦੀ ਸਰਕਾਰ ਨੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ | ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਨੇ ਦੇਸ਼ ਦੀ ਰਾਜਨੀਤੀ ਵਿਚ ਵਿਕਾਸ ਦਾ ਨਵਾਂ ਅਧਿਆਏ ਲਿਖਿਆ ਹੈ, ਜਿਸ ਦੇ ਚਲਦਿਆਂ ਦੇਸ਼ ਦੇ ਜਿਆਦਾ ਸੂਬਿਆਂ ਵਿਚ ਅੱਜ ਭਾਜਪਾ ਦੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੀ ਹੈ, ਮੁੜ ਵਿਰੋਧੀ ਪਾਰਟੀਆਂ ਦਹਾਕਿਆਂ ਤੱਕ ਰਾਜਨੀਤੀ ਤੋਂ ਵਾਂਝੀਆਂ ਹੋ ਜਾਂਦੀਆਂ ਹਨ, ਕਿਉਂਕਿ ਭਾਜਪਾ ਦਾ ਮਕਸਦ ਹੀ ਲੋਕ ਸੇਵਾ ਅਤੇ ਲੋਕਾਂ ਦਾ ਵਿਕਾਸ ਕਰਨਾ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰੌਸ਼ਨ ਲਾਲ, ਸ਼ਕਤੀ ਸ਼ਰਮਾ, ਪੰਕਜ ਸ਼ਰਮਾ, ਗੁਰਵਿੰਦਰ ਸਿੰਘ, ਸੁਰਿੰਦਰ ਕੁਮਾਰ, ਬਲਵਿੰਦਰ ਮਹਿਤਾ, ਅੰਮਿ੍ਤਪਾਲ ਸਿੰਘ ਮਠਾਰੂ, ਸੂਰਜ ਪ੍ਰਕਾਸ਼, ਸੰਮੀ ਭੱਟੀ, ਵਰੁਣ ਡਡਵਾਲ, ਰਵਿੰਦਰ ਸਿੰਘ ਖੱਖ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ, ਧਰਮਿੰਦਰ ਸਿੰਘ, ਅਮਨਜੋਤ ਸਿੰਘ, ਹਰਪ੍ਰੀਤ ਸਿੰਘ ਬੇਦੀ, ਸੋਨੂ ਵਰਮਾ, ਰਜਿੰਦਰ ਸਿੰਘ ਬੋਪਾਰਾਏ, ਰਾਜਨ ਸਰਪਾਲ, ਪਵਨ ਕੁਮਾਰ, ਮੇਜਰ, ਸਿਕੰਦਰ ਸਿੰਘ, ਗੁਰਨਾਮ ਸਿੰਘ ਹੋਰ ਵੀ ਕਈ ਸੀਨੀਅਰ ਵਰਕਰ ਮੌਜੂਦ ਸਨ |