ਗੁਰਦਾਸਪੁਰ, 18 ਜੂਨ (ਪੰਕਜ ਸ਼ਰਮਾ)-21 ਜੂਨ ਨੰੂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਅੰਮਿ੍ਤਸਰ ਗਰੁੱਪ ਦੀ 7 ਪੰਜਾਬ ਐਨ. ਸੀ. ਸੀ ਬਟਾਲੀਅਨ ਵਲੋਂ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਵਿਖੇ ਯੋਗਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਅੰਮਿ੍ਤਸਰ ਜ਼ਿਲਿ੍ਹਆਂ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 400 ਤੋਂ ਵੱਧ ਕੈਡਿਟਾਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਨੂੰ ਪੈਂਥਰ ਡਵੀਜ਼ਨ ਦੇ ਗੁਰਦਾਸਪੁਰ ਫ਼ੌਜ ਦੇ ਅਧਿਕਾਰੀਆਂ, ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਵਲੋਂ ਅਤੇ ਜ਼ਿਲ੍ਹੇ ਦੀ ਅਗਵਾਈ ਵਾਲੀ ਟੀਮ ਵਲੋਂ ਸਮਰਥਨ ਤੇ ਉਤਸ਼ਾਹਿਤ ਕੀਤਾ ਗਿਆ | ਯੋਗ ਲਈ ਯੋਗਿਕ ਕਿਰਿਆਵਾਂ ਅਤੇ ਆਸਣਾਂ ਦਾ ਅਭਿਆਸ ਫ਼ੌਜ ਦੇ ਇੰਸਟਰਕਟਰਾਂ ਅਤੇ ਸਥਾਨਿਕ ਯੋਗਾ ਮਾਹਿਰ ਡਾ: ਨਵਨੀਤ ਸਿੰਘ ਅਤੇ ਡਾ: ਅਮਿਤਾ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ | ਪ੍ਰੋਗਰਾਮ ਤੋਂ ਬਾਅਦ ਕਰਨਲ ਅਜੇ ਕੁਮਾਰ ਸ਼ਰਮਾ, ਵੀ. ਐਸ. ਐਮ, ਸੀ.ਓ 7 ਪੰਜਾਬ ਬਟਾਲੀਅਨ ਐਨ.ਸੀ.ਸੀ ਨੇ ਕੈਡਿਟਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਯੋਗਾ ਅਪਣਾਉਣ ਲਈ ਉਤਸ਼ਾਹਿਤ ਕੀਤਾ |